
ਮੁਕਾਬਲਤਨ ਆਸਾਨ ਡਰਾਅ ਦੇ ਬਾਵਜੂਦ ਭਾਰਤ ਦੀ ਟੀਮ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ਤੋਂ ਬਾਹਰ ਹੋ ਜਾਣ ਮਗਰੋਂ ਚੁਕਿਆ ਕਦਮ
ਨਵੀਂ ਦਿੱਲੀ: ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਨੇ ਸੋਮਵਾਰ ਨੂੰ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੂੰ ਬਰਖਾਸਤ ਕਰ ਦਿਤਾ ਕਿਉਂਕਿ ਟੀਮ ਮੁਕਾਬਲਤਨ ਆਸਾਨ ਡਰਾਅ ਦੇ ਬਾਵਜੂਦ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ਤੋਂ ਬਾਹਰ ਹੋ ਗਈ ਸੀ।
ਸਟਿਮਕ ਨੂੰ 2019 ਵਿਚ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਅਕਤੂਬਰ ਵਿਚ AIFF ਨੇ ਉਸ ਦਾ ਇਕਰਾਰਨਾਮਾ 2026 ਤਕ ਵਧਾ ਦਿਤਾ ਸੀ। AIFF ਨੇ ਇਕ ਬਿਆਨ ਵਿਚ ਕਿਹਾ, ‘‘ਸੀਨੀਅਰ ਪੁਰਸ਼ ਕੌਮੀ ਟੀਮ ਦੇ ਫੀਫਾ ਵਿਸ਼ਵ ਕੱਪ 2026 ਕੁਆਲੀਫਿਕੇਸ਼ਨ ਮੁਹਿੰਮ ਦੇ ਨਿਰਾਸ਼ਾਜਨਕ ਨਤੀਜਿਆਂ ਦੇ ਮੱਦੇਨਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਜਤਾਈ ਕਿ ਟੀਮ ਨੂੰ ਅੱਗੇ ਲਿਜਾਣ ਲਈ ਨਵਾਂ ਮੁੱਖ ਕੋਚ ਸੱਭ ਤੋਂ ਢੁਕਵਾਂ ਹੋਵੇਗਾ।’’
ਬਿਆਨ ’ਚ ਕਿਹਾ ਗਿਆ, ‘‘ਸਟਿਮਕ ਨੂੰ AIFF ਸਕੱਤਰੇਤ ਨੇ ਬਰਖਾਸਤਗੀ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਤੁਰਤ ਪ੍ਰਭਾਵ ਨਾਲ ਡਿਊਟੀ ਤੋਂ ਮੁਕਤ ਕੀਤਾ ਜਾਂਦਾ ਹੈ।’’ ਇਕਰਾਰਨਾਮੇ ਦੇ ਨਿਯਮਾਂ ਅਨੁਸਾਰ AIFF ਨੂੰ ਹੁਣ ਸਟਿਮਕ ਨੂੰ ਲਗਭਗ 3,60,000 ਡਾਲਰ (ਲਗਭਗ 3 ਕਰੋੜ ਰੁਪਏ) ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਜੋ ਉਸ ਫੈਡਰੇਸ਼ਨ ਲਈ ਬਹੁਤ ਵੱਡੀ ਰਕਮ ਹੈ ਜੋ ਹਾਲ ਹੀ ਦੇ ਸਾਲਾਂ ’ਚ ਫੰਡਾਂ ਲਈ ਸੰਘਰਸ਼ ਕਰ ਰਹੀ ਹੈ ਅਤੇ ਇਸ ਸਾਲ ਅਪਣੇ ਮੁਕਾਬਲਿਆਂ ਦੇ ਬਜਟ ’ਚ ਕਟੌਤੀ ਕੀਤੀ ਹੈ।
56 ਸਾਲ ਦੇ ਸਟਿਮਕ ਪੰਜ ਸਾਲ ਤਕ ਭਾਰਤ ਦੇ ਕੋਚ ਰਹੇ। ਲੰਮੇ ਸਮੇਂ ਤੋਂ ਕਪਤਾਨ ਰਹੇ ਸੁਨੀਲ ਛੇਤਰੀ ਦੇ ਸੰਨਿਆਸ ਦੇ ਬਾਵਜੂਦ ਭਾਰਤ ਕੋਲ ਪਹਿਲੀ ਵਾਰ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਦਾਖਲ ਹੋਣ ਦਾ ਮੌਕਾ ਸੀ ਪਰ 11 ਜੂਨ ਨੂੰ ਅਪਣੇ ਆਖਰੀ ਦੂਜੇ ਗੇੜ ਦੇ ਮੈਚ ’ਚ ਮੇਜ਼ਬਾਨ ਕਤਰ ਤੋਂ 1-2 ਨਾਲ ਹਾਰਨ ਤੋਂ ਬਾਅਦ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ।
ਸਟਿਮਕ ਨੂੰ ਹਟਾਉਣ ਦਾ ਫੈਸਲਾ AIFF ਦੇ ਉਪ ਪ੍ਰਧਾਨ ਐਨ.ਏ. ਹੈਰਿਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ। ਮੀਟਿੰਗ ’ਚ ਕਾਰਜਕਾਰੀ ਜਨਰਲ ਸਕੱਤਰ ਸ਼੍ਰੀ ਸੱਤਿਆਨਾਰਾਇਣ ਨੂੰ ਹੁਕਮ ਦਿਤੇ ਗਏ ਕਿ ਉਹ ਸਟਿਮਕ ਨੂੰ ਉਨ੍ਹਾਂ ਦੀ ਨਿਯੁਕਤੀ ਖਤਮ ਕਰਨ ਦੇ ਫੈਸਲੇ ਤੋਂ ਜਾਣੂ ਕਰਵਾਉਣ। ਸਟਿਮਕ ਨੇ ਇਕ ਵਾਰ ਕਿਹਾ ਸੀ ਕਿ ਜੇਕਰ ਭਾਰਤ ਕੁਆਲੀਫਾਇਰ ਦੇ ਤੀਜੇ ਗੇੜ ਵਿਚ ਜਗ੍ਹਾ ਨਹੀਂ ਬਣਾ ਸਕਿਆ ਤਾਂ ਉਹ ਅਸਤੀਫਾ ਦੇ ਦੇਣਗੇ ਪਰ ਜਦੋਂ ਟੀਮ ਆਖਰਕਾਰ ਬਾਹਰ ਹੋ ਗਈ ਤਾਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।
1998 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਕ੍ਰੋਏਸ਼ੀਆ ਟੀਮ ਦਾ ਹਿੱਸਾ ਰਹੇ ਸਟਿਮਕ ਨੇ ਸਟੀਫਨ ਕਾਂਸਟੈਨਟਾਈਨ ਦੇ ਜਾਣ ਤੋਂ ਬਾਅਦ 2019 ’ਚ ਭਾਰਤੀ ਟੀਮ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਦੀ ਅਗਵਾਈ ’ਚ ਭਾਰਤ ਨੇ ਚਾਰ ਵੱਡੀਆਂ ਟਰਾਫੀਆਂ ਜਿੱਤੀਆਂ, ਜਿਨ੍ਹਾਂ ’ਚ ਦੋ ਸੈਫ ਚੈਂਪੀਅਨਸ਼ਿਪ, ਇਕ ਇੰਟਰਕੌਂਟੀਨੈਂਟਲ ਕੱਪ ਅਤੇ ਇਕ ਟ੍ਰਾਈ ਨੇਸ਼ਨਜ਼ ਸੀਰੀਜ਼ ਸ਼ਾਮਲ ਹੈ।
AIFF ਦੀ ਤਕਨੀਕੀ ਕਮੇਟੀ ਨੂੰ ਵਿਸ਼ਵ ਕੱਪ ਕੁਆਲੀਫਾਇੰਗ ਮੁਕਾਬਲੇ ’ਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਵਿਚਕਾਰ ਸਟਿਮਕ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਕੰਮ ਸੌਂਪਿਆ ਗਿਆ ਸੀ। ਫੈਡਰੇਸ਼ਨ ਕ੍ਰੋਏਸ਼ੀਆਈ ਕੋਚ ਨੂੰ ਅਹੁਦੇ ਤੋਂ ਹਟਾਉਣ ਦੀ ਪੈਨਲ ਦੀ ਸਿਫਾਰਸ਼ ’ਤੇ ਧਿਆਨ ਦੇਣਾ ਚਾਹੁੰਦੀ ਸੀ ਪਰ ਇਕਰਾਰਨਾਮੇ ਦੇ ਮੁੱਦੇ ਫੈਡਰੇਸ਼ਨ ਲਈ ਮੁਸ਼ਕਲ ਪੈਦਾ ਕਰ ਰਹੇ ਸਨ।
ਸਟਿਮਕ ਦੀ ਨੌਕਰੀ ਮਾਰਚ ਵਿਚ ਘਰੇਲੂ ਮੈਦਾਨ ’ਤੇ ਘੱਟ ਰੈਂਕਿੰਗ ਵਾਲੇ ਅਫਗਾਨਿਸਤਾਨ ਤੋਂ ਵੀ ਹਾਰਨ ਤੋਂ ਬਾਅਦ ਖਤਰੇ ਵਿਚ ਸੀ। ਟੀਮ ਦਾ ਕਤਰ ’ਚ ਪਿਛਲੇ AFC ਏਸ਼ੀਅਨ ਕੱਪ ’ਚ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਜਿੱਥੇ ਭਾਰਤ ਤਿੰਨ ਮੈਚ ਹਾਰ ਗਿਆ ਸੀ ਅਤੇ ਛੇ ਗੋਲ ਗੁਆ ਚੁੱਕਾ ਸੀ ਅਤੇ ਇਕ ਵਾਰ ਵੀ ਗੋਲ ਨਹੀਂ ਕਰ ਸਕਿਆ ਸੀ।
ਸਟਿਮਕ ਨੂੰ ਵਿਸ਼ਵ ਕੱਪ ਕੁਆਲੀਫਾਇਰ ਦੀ ਉਮੀਦ ਸੀ ਪਰ ਉੱਥੇ ਵੀ ਟੀਮ ਕਾਫ਼ੀ ਮੈਚ ਜਿੱਤਣ ਅਤੇ ਦੂਜੇ ਗੇੜ ਤੋਂ ਅੱਗੇ ਵਧਣ ’ਚ ਅਸਫਲ ਰਹੀ। ਵਿਸ਼ਵ ਕੱਪ ਕੁਆਲੀਫਾਇਰ ਦੇ ਦੂਜੇ ਗੇੜ ’ਚ ਭਾਰਤ ਨੇ ਕੁਵੈਤ ਵਿਰੁਧ ਪਹਿਲੇ ਗੇੜ ’ਚ 1-0 ਨਾਲ ਜਿੱਤ ਦਰਜ ਕੀਤੀ, ਕਤਰ ਤੋਂ 0-3 ਨਾਲ ਹਾਰ ਗਈ ਅਤੇ ਸਾਊਦੀ ਅਰਬ ਦੇ ਨਿਰਪੱਖ ਸਥਾਨ ’ਤੇ ਖੇਡਦੇ ਹੋਏ ਅਫਗਾਨਿਸਤਾਨ ਨਾਲ ਗੋਲ ਰਹਿਤ ਡਰਾਅ ਖੇਡਿਆ।
ਫਿਰ ਗੁਹਾਟੀ ਵਿਚ ਅਫਗਾਨਿਸਤਾਨ ਹੱਥੋਂ 1-2 ਦੀ ਕਰਾਰੀ ਹਾਰ ਆਈ, ਜਿਸ ਦਾ ਨਤੀਜਾ AIFF ਦੇ ਨਾਲ-ਨਾਲ ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਨੂੰ ਵੀ ਪਸੰਦ ਨਹੀਂ ਆਇਆ, ਜਿਨ੍ਹਾਂ ਨੇ ਇਸ ਨੂੰ ਅਸਵੀਕਾਰਯੋਗ ਕਰਾਰ ਦਿਤਾ ਅਤੇ ਕਈਆਂ ਨੇ ਸਟਿਮਕ ਨੂੰ ਹਟਾਉਣ ਦੀ ਮੰਗ ਕੀਤੀ।
ਭਾਰਤ ਘਰੇਲੂ ਧਰਤੀ ’ਤੇ ਕੁਵੈਤ ਵਿਰੁਧ ਛੇਤਰੀ ਦਾ ਆਖਰੀ ਕੌਮਾਂਤਰੀ ਫੁੱਟਬਾਲ ਮੈਚ ਨਹੀਂ ਜਿੱਤ ਸਕਿਆ। ਏਸ਼ੀਆਈ ਚੈਂਪੀਅਨ ਕਤਰ ਨੇ ਦੋਹਾ ’ਚ ਵਿਵਾਦਪੂਰਨ ਗੋਲ ਨਾਲ ਭਾਰਤ ਨੂੰ 2-1 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਉਣ ਦੀਆਂ ਭਾਰਤ ਦੀਆਂ ਉਮੀਦਾਂ ਨੂੰ ਖਤਮ ਕਰ ਦਿਤਾ।
ਭਾਰਤ ਨੇ 2024 ਵਿਚ ਕੁਆਲੀਫਾਇਰ ਵਿਚ ਚਾਰ ਮੈਚਾਂ ਵਿਚ ਸਿਰਫ ਦੋ ਅੰਕ ਹਾਸਲ ਕੀਤੇ ਸਨ ਅਤੇ ਉਨ੍ਹਾਂ ਮੈਚਾਂ ਵਿਚ ਸਿਰਫ ਦੋ ਗੋਲ ਕੀਤੇ ਸਨ। ਸਟਿਮਕ ਦੇ ਕਾਰਜਕਾਲ ਦੌਰਾਨ ਭਾਰਤ ਨੇ 53 ਮੈਚ ਖੇਡੇ, ਜਿਨ੍ਹਾਂ ਵਿਚੋਂ 19 ਜਿੱਤੇ, 14 ਡਰਾਅ ਅਤੇ 20 ਹਾਰੇ।