
ਫਾਈਨਲ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
ਸ੍ਰੀਲੰਕਾ - ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਨੇ 8ਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਦੌੜਾਂ ਬਣਾਈਆਂ ਸਨ। ਟੀਮ ਇੰਡੀਆ ਲਈ ਗੇਂਦਬਾਜ਼ੀ 'ਚ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ 1 ਵਿਕਟ ਲਈ। ਸ਼੍ਰੀਲੰਕਾ ਦੀ ਪੂਰੀ ਟੀਮ 15.2 ਓਵਰ ਹੀ ਬੱਲੇਬਾਜ਼ੀ ਕਰ ਸਕੀ। ਸ਼੍ਰੀਲੰਕਾਈ ਟੀਮ ਲਈ ਸਿਰਫ ਦੋ ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ।
ਫਾਈਨਲ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ 'ਚ 50 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਟੀਮ ਇੰਡੀਆ ਨੇ 6.1 ਓਵਰਾਂ 'ਚ 51 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਭਾਰਤ ਦੀ ਜਿੱਤ ਦੇ ਹੀਰੋ
ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ।ਮੁਹੰਮਦ ਸਿਰਾਜ ਨੇ ਪਹਿਲੇ ਹੀ ਸਪੈਲ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਆਪਣੀਆਂ ਪਹਿਲੀਆਂ 16 ਗੇਂਦਾਂ 'ਤੇ 6 ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਹਾਰਦਿਕ ਪੰਡਯਾ: ਸਿਰਾਜ ਤੋਂ ਬਾਅਦ ਹਾਰਦਿਕ ਪੰਡਯਾ ਨੇ ਸ਼੍ਰੀਲੰਕਾਈ ਟੀਮ ਨੂੰ 50 ਦੌੜਾਂ ਤੱਕ ਸੀਮਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਆਖ਼ਰੀ ਬੱਲੇਬਾਜ਼ਾਂ ਦੀਆਂ 3 ਵਿਕਟਾਂ ਲਈਆਂ।
ਭਾਰਤੀ ਕਪਤਾਨ ਨੇ 51 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਲਈ ਗਿੱਲ-ਈਸ਼ਾਨ ਦੀ ਸਲਾਮੀ ਜੋੜੀ ਵਿਚ ਬਦਲਾਅ ਕੀਤਾ। ਉਸ ਨੇ ਆਪਣੀ ਥਾਂ ਈਸ਼ਾਨ ਕਿਸ਼ਨ ਨੂੰ ਓਪਨ ਕਰਨ ਲਈ ਭੇਜਿਆ। ਦੋਵਾਂ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ।
ਸ੍ਰੀਲੰਕਾ ਨੇ ਬੰਗਲਾਦੇਸ਼ ਦਾ ਤੋੜਿਆ ਰਿਕਾਰਡ
ਇਹ ਭਾਰਤ ਦੇ ਖਿਲਾਫ਼ ਵਨਡੇ ਵਿਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦਾ ਵਨਡੇ 'ਚ ਭਾਰਤ ਖਿਲਾਫ਼ ਸਭ ਤੋਂ ਘੱਟ ਸਕੋਰ ਸੀ। ਬੰਗਲਾਦੇਸ਼ ਦੀ ਟੀਮ 2014 'ਚ 58 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਜ਼ਿੰਬਾਬਵੇ ਦੇ ਕੋਲ ਵਨਡੇ ਵਿਚ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਹੈ। ਜ਼ਿੰਬਾਬਵੇ ਦੀ ਟੀਮ 2004 'ਚ ਸ਼੍ਰੀਲੰਕਾ ਖਿਲਾਫ਼ 35 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
ਸ਼੍ਰੀਲੰਕਾ ਦੇ ਬੱਲੇਬਾਜ਼ ਭਾਰਤੀ ਤੇਜ਼ ਗੇਂਦਬਾਜ਼ਾਂ ਖਿਲਾਫ਼ ਸੰਘਰਸ਼ ਕਰਦੇ ਨਜ਼ਰ ਆਏ। ਟੀਮ ਦਾ ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਦੀ ਪਾਰੀ ਖੇਡੀ, ਜਦਕਿ ਦੁਸ਼ਨ ਹੇਮੰਤ ਨੇ 13 ਦੌੜਾਂ ਬਣਾਈਆਂ।