
ਕਿਹਾ, ਹੋ ਸਕਦਾ ਹੈ ਕਿ ਪਾਕਿਸਤਾਨ ਕ੍ਰਿਕੇਟ ਨੂੰ ਭਾਰਤ ਦੀ ਜ਼ਰੂਰਤ ਹੋਵੇ ਪਰ ਭਾਰਤ ਉਨ੍ਹਾਂ ਦੀ ਕ੍ਰਿਕੇਟ ਟੀਮ ਤੋਂ ਬਗ਼ੈਰ ਚੱਲ ਸਕਦਾ ਹੈ
ਏਸ਼ੀਆ ਕੱਪ ਬਾਰੇ ਹਰਭਜਨ ਸਿੰਘ ਦਾ ਬਿਆਨ
ਨਵੀਂ ਦਿੱਲੀ : ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਭਾਰਤ-ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਕਿਸੇ ਵੀ ਕੀਮਤ 'ਤੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਏਸ਼ੀਆ ਕੱਪ ਪਾਕਿਸਤਾਨ 'ਚ ਹੁੰਦਾ ਹੈ ਤਾਂ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਇਸ ਦੇ ਨਾਲ ਹੀ ਹੁਣ ਭਾਰਤ ਦੇ ਸਾਬਕਾ ਦਿੱਗਜ਼ ਸਪਿਨਰ ਹਰਭਜਨ ਸਿੰਘ ਨੇ ਇਸ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ਟੀਮ ਇੰਡੀਆ ਨੂੰ ਪਾਕਿਸਤਾਨ ਦੀ ਯਾਤਰਾ ਬਿਲਕੁਲ ਨਹੀਂ ਕਰਨੀ ਚਾਹੀਦੀ।
ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ, 'ਪਾਕਿਸਤਾਨ ਵਿਚ ਜਿਹੇ ਜਿਹੀ ਸਥਿਤੀ ਹੈ ਉਸ ਨੂੰ ਦੇਖਦੇ ਹੋਏ ਭਾਰਤੀ ਕ੍ਰਿਕੇਟ ਟੀਮ ਨੂੰ ਪਾਕਿਸਤਾਨ ਦੀ ਯਾਤਰਾ ਨਹੀਂ ਕਰਨੀ ਚਾਹੀਦੀ''
ਇਹ ਵੀ ਪੜ੍ਹੋ: ਭਾਰਤ ਦੇ ਦੋ ਪਾਇਲਟਾਂ ਨੂੰ ਜਹਾਜ਼ ਦੇ ਕਾਕਪਿਟ 'ਚ ਗੁਜੀਆ ਤੇ ਕੌਫ਼ੀ ਪੀਣੀ ਪਈ ਮਹਿੰਗੀ!
ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਟੀਮ ਨੂੰ ਭਾਰਤ ਦੀ ਜ਼ਰੂਰਤ ਹੋਵੇ ਪਰ ਭਾਰਤ ਦੀ ਕ੍ਰਿਕੇਟ ਟੀਮ ਪਾਕਿਸਤਾਨ ਤੋਂ ਬਗ਼ੈਰ ਚੱਲ ਸਕਦੀ ਹੈ ਇਸ ਲਈ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਕ੍ਰਿਕੇਟ ਟੀਮ ਨੂੰ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਦੇ ਦਿੱਗਜ਼ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਹਾਲ ਹੀ 'ਚ ਏਸ਼ੀਆ ਕੱਪ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ 'ਮੈਂ ਏਸ਼ੀਆ ਕੱਪ ਪਾਕਿਸਤਾਨ ਜਾਂ ਸ਼੍ਰੀਲੰਕਾ 'ਚ ਹੁੰਦਾ ਦੇਖਣਾ ਚਾਹੁੰਦਾ ਹਾਂ।' ਇਸ ਤੋਂ ਇਲਾਵਾ ਸ਼ੋਏਬ ਨੇ ਕਿਹਾ ਕਿ 'ਮੈਨੂੰ ਭਾਰਤ 'ਚ ਖੇਡਣ ਦੀ ਬਹੁਤ ਯਾਦ ਆਉਂਦੀ ਹੈ, ਮੈਨੂੰ ਭਾਰਤ 'ਚ ਬਹੁਤ ਪਿਆਰ ਮਿਲਿਆ ਹੈ।' ਰਿਪੋਰਟਾਂ ਮੁਤਾਬਕ ਏਸ਼ੀਆ ਕੱਪ 2023 ਨੂੰ ਨਿਰਪੱਖ ਸਥਾਨ 'ਤੇ ਆਯੋਜਿਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਯੂਏਈ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ।