ਮਹਿਜ਼ 15 ਸਾਲ ਦੀ ਉਮਰ 'ਚ ਤੇਜਿੰਦਰਬੀਰ ਨੇ ਖੱਟਿਆ ਵੱਡਾ ਨਾਮਣਾ
ਜਲੰਧਰ : ਨਿੱਕੀ ਉਮਰੇ ਵੱਡੀਆਂ ਪੁਲਾਂਘਾਂ! ਜੀ ਹਾਂ ਇਹ ਕਹਾਵਤ ਜਲੰਧਰ ਦੇ ਤੇਜਿੰਦਰਬੀਰ 'ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਤੇਜਿੰਦਰਬੀਰ ਦੀ ਚੋਣ ਨੈਸ਼ਨਲ ਬਾਸਕਟਬਾਲ ਅਕਾਦਮੀ (NBA) ਅਮਰੀਕਾ ਲਈ ਹੋ ਗਈ ਹੈ ਅਤੇ ਉਸ ਦੀ ਉਮਰ ਮਹਿਜ਼ 15 ਸਾਲ ਹੈ। ਤੇਜਿੰਦਰਬੀਰ ਸਿੰਘ ਪੁਲਿਸ ਡੀ. ਏ. ਵੀ. ਸਕੂਲ ’ਚ 9ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਪਿਛਲੇ ਚਾਰ ਸਾਲ ਤੋਂ ਬਾਸਕਟਬਾਲ ਖੇਡ ਰਿਹਾ ਹੈ।
ਦੱਸ ਦੇਈਏ ਕਿ ਬਾਸਕਟਬਾਲ ਖਿਡਾਰੀ ਤੇਜਿੰਦਰਬੀਰ ਦਾ ਕੱਦ 6 ਫੁੱਟ ਹੈ। ਤੇਜਿੰਦਰਬੀਰ ਲਾਡੋਵਾਲੀ ਰੋਡ ਗੁਰੂ ਨਾਨਕਪੁਰਾ ਦੇ ਕਾਰੋਬਾਰੀ ਗੁਰਪ੍ਰੀਤ ਸਿੰਘ ਦਾ ਛੋਟਾ ਪੁੱਤਰ ਹੈ। ਆਪਣੇ ਬੱਚੇ ਦੀ ਇਸ ਪ੍ਰਾਪਤੀ 'ਤੇ ਪਰਿਵਾਰ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਤੇਜਿੰਦਰਬੀਰ ਦੀ ਮਾਂ ਲਖਵਿੰਦਰ ਕੌਰ ਹਾਊਸ ਵਾਈਫ ਅਤੇ ਵੱਡਾ ਭਰਾ ਰਤਿੰਦਰਪਾਲ ਸਿੰਘ ਵੀ ਬਾਸਕਟਬਾਲ ਦਾ ਖਿਡਾਰੀ ਹੈ, ਜੋ ਅਮਰੀਕਾ ’ਚ ਪ੍ਰੈਕਟਿਸ ਕਰ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਨੈਸ਼ਨਲ ਬਾਸਕਟਬਾਲ ਅਕਾਦਮੀ (NBA) ਵੱਲੋਂ ਲੁਧਿਆਣਾ ’ਚ ਸਕਿਲ ਟ੍ਰਾਇਲ ਲਏ ਗਏ ਸਨ। ਪੂਰੇ ਦੇਸ਼ ’ਚ 30 ਖਿਡਾਰੀਆਂ ਨੂੰ ਜੈਮ ਟ੍ਰੀਆਊਟ ਤਹਿਤ ਚੁਣਿਆ ਸੀ। ਪੰਜਾਬ ਪੁਲਿਸ ਦੇ ਚੀਫ਼ ਕੋਚ ਇੰਸਪੈਕਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਤੇਜਿੰਦਰਬੀਰ ਸਾਲ 2020 ਬਠਿੰਡਾ ’ਚ ਅੰਡਰ-16 ਸਟੇਟ ਮੁਕਾਬਲੇ ’ਚ ਹਿੱਸਾ ਲੈਣ ਦੇ ਨਾਲ-ਨਾਲ ਨੈਸ਼ਨਲ ਕੈਂਪ ਦਾ ਹਿੱਸਾ ਵੀ ਰਿਹਾ ਹੈ ਅਤੇ ਫਾਰਵਰਡ ਪੋਜ਼ੀਜਨ ’ਤੇ ਖੇਡਦਾ ਹੈ।
ਨੈਸ਼ਨਲ ਬਾਸਕਟਬਾਲ ਅਕਾਦਮੀ (NBA) ਵੱਲੋਂ ਹੀ ਤੇਜਿੰਦਰਬੀਰ 12ਵੀਂ ਤੱਕ ਨੋਇਡਾ ’ਚ ਪੜ੍ਹਾਈ ਹਾਸਲ ਕਰਨ ਦੇ ਨਾਲ-ਨਾਲ ਉਥੇ ਹੀ ਟਰੇਨਿੰਗ ਕਰੇਗਾ ਅਤੇ ਇੰਟਰਨੈਸ਼ਨਲ ਟੂਰ ਲਗਾਉਣ ਦੇ ਨਾਲ ਉਸ ਨੂੰ ਕਈ ਵਧੀਆ ਮੌਕੇ ਮਿਲਣਗੇ।