
Champions Trophy : ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਨੂੰ ਜ਼ੁਬਾਨੀ ਸੁਝਾਅ ਦਿਤਾ
ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਕੋਲ ਪਹੁੰਚ ਕੀਤੀ ਹੈ ਅਤੇ ਇਕ ਵਿਵਸਥਾ ਦਾ ਪ੍ਰਸਤਾਵ ਦਿਤਾ ਹੈ, ਜਿਸ ਦੇ ਤਹਿਤ ਜੇਕਰ ਭਾਰਤ ਸੁਰੱਖਿਆ ਕਾਰਨਾਂ ਕਰਕੇ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੌਰਾਨ ਪਾਕਿਸਤਾਨ 'ਚ ਨਹੀਂ ਰੁਕਣਾ ਚਾਹੁੰਦਾ ਤਾਂ ਉਹ ਮੈਚਾਂ ਦੇ ਵਿਚਕਾਰ ਨਵੀਂ ਦਿੱਲੀ ਜਾਂ ਚੰਡੀਗੜ੍ਹ ਵਾਪਸ ਆ ਸਕਦਾ ਹੈ।
ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਨੂੰ ਜ਼ੁਬਾਨੀ ਸੁਝਾਅ ਦਿਤਾ ਹੈ ਕਿ ਭਾਰਤੀ ਟੀਮ ਨਵੀਂ ਦਿੱਲੀ ਜਾਂ ਚੰਡੀਗੜ੍ਹ ਜਾਂ ਮੋਹਾਲੀ ’ਚ ਕੈਂਪ ਲਗਾ ਸਕਦੀ ਹੈ ਅਤੇ ਅਪਣੇ ਮੈਚ ਲਈ ਵਿਸ਼ੇਸ਼ ਉਡਾਣ ਰਾਹੀਂ ਲਾਹੌਰ ਜਾ ਸਕਦੀ ਹੈ। ਹਾਲਾਂਕਿ ਪੀ.ਸੀ.ਬੀ. ਦੇ ਇਕ ਸੂਤਰ ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਕਿ ਬੋਰਡ ਨੇ ਲਿਖਤੀ ਰੂਪ ਵਿਚ ਕੋਈ ਸੁਝਾਅ ਨਹੀਂ ਦਿਤਾ ਹੈ।
ਸੂਤਰ ਨੇ ਕਿਹਾ, ‘‘ਪਰ ਹਾਂ, ਇਹ ਸੱਚ ਹੈ ਕਿ ਅਧਿਕਾਰੀਆਂ ਦਰਮਿਆਨ ਇਨ੍ਹਾਂ ਵਿਕਲਪਾਂ ’ਤੇ ਜ਼ੁਬਾਨੀ ਤੌਰ ’ਤੇ ਵਿਚਾਰ-ਵਟਾਂਦਰੇ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਅਪਣੇ ਮੈਚ ਪਾਕਿਸਤਾਨ ’ਚ ਖੇਡੇ।’’ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤਕ ਲਾਹੌਰ, ਰਾਵਲਪਿੰਡੀ ਅਤੇ ਕਰਾਚੀ ’ਚ ਹੋਵੇਗੀ।