
ਭਾਰਤ ਨੇ ਚੈਂਪੀਅਨਸ਼ਿਪ ਦਾ ਅੰਤ ਚਾਰ ਸੋਨੇ ਅਤੇ ਇਕ ਚਾਂਦੀ ਦੇ ਤਮਗ਼ੇ ਨਾਲ ਕੀਤਾ
ਤਹਿਰਾਨ: ਗੁਲਵੀਰ ਸਿੰਘ ਨੇ ਏਸ਼ੀਅਨ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ 3000 ਮੀਟਰ ਫਾਈਨਲ ਦੌੜ ਜਿੱਤ ਕੇ ਭਾਰਤ ਲਈ ਚੌਥਾ ਸੋਨ ਤਗਮਾ ਜਿੱਤਿਆ।
ਗੁਲਵੀਰ ਨੇ ਗੈਰ ਓਲੰਪਿਕ ਅਥਲੈਟਿਕਸ ਮੁਕਾਬਲੇ ਵਿਚ 8 ਮਿੰਟ 07.48 ਸੈਕਿੰਡ ਦਾ ਸਮਾਂ ਲੈ ਕੇ ਪੋਡੀਅਮ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਕਿਰਗਿਸਤਾਨ ਦੇ ਕੇਨੇਸ਼ਬੇਕੋਵ ਨੂਰਸੁਲਤਾਨ (8:08.85) ਅਤੇ ਈਰਾਨ ਦੇ ਜਲੀਲ ਨਸੀਰੀ (8:09.39) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਇਸ ਤੋਂ ਪਹਿਲਾਂ ਅੰਕਿਤਾ ਨੇ ਔਰਤਾਂ ਦੀ 3000 ਮੀਟਰ ਦੌੜ ’ਚ 9:26.22 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਸ਼ਨਿਚਰਵਾਰ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਸ਼ਾਟ ਪੁਟਰ ਤਜਿੰਦਰਪਾਲ ਸਿੰਘ ਤੂਰ, 100 ਮੀਟਰ ਹਰਡਲ ਦੌੜਾਕ ਜੋਤੀ ਯਾਰਾਜੀ ਅਤੇ ਹਰਮਿਲਨ ਬੈਂਸ (1500 ਮੀਟਰ) ਨੇ ਸੋਨ ਤਮਗਾ ਜਿੱਤਿਆ ਸੀ। ਤੂਰ ਅਤੇ ਯਾਰਾਜੀ ਨੇ ਅਪਣੇ ਹੀ ਕੌਮੀ ਰੀਕਾਰਡ ਤੋੜ ਦਿਤੇ ਸਨ।
ਭਾਰਤ ਨੇ ਚੈਂਪੀਅਨਸ਼ਿਪ ਦਾ ਅੰਤ ਚਾਰ ਸੋਨੇ ਅਤੇ ਇਕ ਚਾਂਦੀ ਦੇ ਤਮਗ਼ੇ ਨਾਲ ਕੀਤਾ। ਦੇਸ਼ ਨੇ ਕਜ਼ਾਖਸਤਾਨ ਦੇ ਅਸਤਾਨਾ ਵਿਚ ਪਿਛਲੇ ਐਡੀਸ਼ਨ ਵਿਚ ਇਕ ਸੋਨ, ਛੇ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤਿਆ ਸੀ।