
ਕਿਹਾ, ਖਿਡਾਰੀਆਂ ਨਾਲ ਇਹ ਮਾਫੀਆ ਹਰ ਖੇਡ ਵਿਚ ਧੱਕਾ ਕਰਦਾ ਹੈ
ਨਵੀਂ ਦਿੱਲੀ: ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪਹਿਲਵਾਨਾਂ ਦਾ ਧਰਨਾ ਜਾਰੀ ਹੈ। ਇਨ੍ਹਾਂ ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਉਲੰਪਿਕ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਵਿਧਾਇਕ ਪਰਗਟ ਸਿੰਘ, ਕੌਮਾਂਤਰੀ ਨਿਸ਼ਾਨੇਬਾਜ਼ ਤੇ ਕਾਂਗਰਸੀ ਆਗੂ ਸਮਿਤ ਸਿੰਘ ਮਾਨ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਜੰਤਰ ਮੰਤਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕਈ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਤਲਵੰਡੀ ਸਾਬੋ 'ਚ ਨੌਜਵਾਨ ਨੇ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਇਸ ਮੌਕੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਨ੍ਹਾਂ ਧੀਆਂ ਨੇ ਦੁਨੀਆਂ ਭਰ ਵਿਚ ਦੇਸ਼ ਦਾ ਮਾਣ ਵਧਾਇਆ ਹੈ ਅਤੇ ਇਹ ਦੇਸ਼ ਦੇ ਅੰਬੈਸਡਰ ਹਨ। ਸਰਕਾਰ ਇਨ੍ਹਾਂ ਨਾਲ ਅਜਿਹਾ ਵਰਤਾਅ ਕਰ ਕੇ ਸਹੀ ਸੰਦੇਸ਼ ਨਹੀਂ ਦੇ ਰਹੀ। ਸਰਕਾਰ ਨੂੰ ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰਖਦਿਆਂ ਕੁਸ਼ਤੀ ਸੰਘ ਦੇ ਪ੍ਰਧਾਨ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਸਿਆਸਤ ਤੋਂ ਪਰੇ ਹੋ ਕੇ ਅਜਿਹੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ 'ਜਾਇਜ਼ ਮੰਗ' ਨੂੰ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ : ਸਚਿਨ ਪਾਇਲਟ
ਪਰਗਟ ਸਿੰਘ ਨੇ ਕਿਹਾ, “ਅਪਣਾ ਜੀਅ-ਜਾਨ ਲਗਾ ਕੇ ਅੱਗੇ ਪਹੁੰਚਣ ਵਾਲੇ ਖਿਡਾਰੀਆਂ ਨਾਲ ਇਹ ਮਾਫੀਆ ਹਰ ਖੇਡ ਵਿਚ ਧੱਕਾ ਕਰਦਾ ਹੈ। ਜਿਸ ਦੇ ਵਿਰੁਧ ਇਨ੍ਹਾਂ ਪਹਿਲਵਾਨਾਂ ਦੀ ਲੜਾਈ ਬਿਲਕੁਲ ਜਾਇਜ਼ ਹੈ। ਕਿੰਨਾ ਸ਼ਰਮਨਾਕ ਹੈ ਕਿ ਅਜਿਹੇ ਘਿਨਾਉਣੇ ਅਪਰਾਧਾਂ ਦੇ ਬਾਵਜੂਦ ਮੋਦੀ ਸਰਕਾਰ ਦੇ ਕੰਨ ’ਤੇ ਜੂੰ ਤਕ ਨਹੀਂ ਸਿਰਕੀ। ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿੰਦਾ ਹਾਂ ਕਿ ਅਸੀਂ ਅਪਣੇ ਖਿਡਾਰੀਆਂ ਦੇ ਨਾਲ ਹਾਂ”। ਉਧਰ ਸੁਮਿਤ ਸਿੰਘ ਨੇ ਪਹਿਲਵਾਨਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਭਾਰਤ ਵਿਚ ਖੇਡ ਪ੍ਰਸ਼ਾਸਨ ਵਿਚ ਸੁਧਾਰ ਕਰਨਾ ਹੀ ਭਾਰਤ ਦੇ ਭਵਿੱਖ ਦੇ ਨਿਰਮਾਣ ਦਾ ਇਕੋ ਇਕ ਰਸਤਾ ਹੈ।