
ਇਟਲੀ ਵਿਖੇ ਹੋ ਰਹੇ ਮੁਕਾਬਲੇ 'ਚ ਤਲਾਸ਼ੀ ਦੌਰਾਨ ਖਿਡਾਰਨ ਦੀ ਜੇਬ ਵਿਚੋਂ ਮਿਲਿਆ ‘ਈਅਰਬਡ’ ਦਾ ਜੋੜਾ
ਵਿਸ਼ਵ ਪੱਧਰੀ ਸ਼ਤਰੰਜ ਸੰਚਾਲਨ ਸੰਸਥਾ ਫਿਡੇ ਨੇ ਸਾਂਝੀ ਕੀਤੀ ਜਾਣਕਾਰੀ
ਚੇਨਈ: ਭਾਰਤੀ ਮਹਿਲਾ ਗ੍ਰੈਂਡਮਾਸਟਰ ਅਤੇ ਸੱਤਵਾਂ ਦਰਜਾ ਪ੍ਰਾਪਤ ਪ੍ਰਿਅੰਕਾ ਨੁਤਾਕੀ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਈ ਹੈ ਕਿਉਂਕਿ ਮੁਕਾਬਲੇ ਦੌਰਾਨ ਖਿਡਾਰਨ ਨੇ ਆਪਣੀ ਜੈਕੇਟ ਦੀ ਜੇਬ ਵਿੱਚ ਈਅਰਬਡਜ਼ ਰੱਖੇ ਹੋਏ ਸਨ। ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਨੇ ਇਹ ਜਾਣਕਾਰੀ ਦਿੱਤੀ ਹੈ।
ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ 20 ਸਾਲਾ ਪ੍ਰਿਯੰਕਾ ਨੁਤਾਕੀ ਦੀ ਜੇਬ 'ਚ ਰੂਟੀਨ ਜਾਂਚ ਦੌਰਾਨ ਈਅਰਬਡਜ਼ ਮਿਲੇ ਹਨ ਜਿਸ ਦੀ ਈਐਲਓ ਰੇਟਿੰਗ 2326 ਹੈ। ਈਅਰ ਬਡਜ਼ ਸ਼ਤਰੰਜ ਟੂਰਨਾਮੈਂਟਾਂ ਵਿੱਚ ਪਾਬੰਦੀਸ਼ੁਦਾ ਵਸਤੂ ਹਨ। ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਨੇ ਕਿਹਾ, ''ਉਸ (ਪ੍ਰਿਯੰਕਾ) ਵਲੋਂ ਧੋਖਾਧੜੀ ਦਾ ਕੋਈ ਸੰਕੇਤ ਨਹੀਂ ਹੈ ਪਰ ਖੇਡ ਮੈਦਾਨ 'ਚ ਈਅਰਬਡਜ਼ ਲਿਆਉਣ ਦੀ ਸਖ਼ਤ ਮਨਾਹੀ ਹੈ। ਮੁਕਾਬਲੇ ਦੌਰਾਨ ਇਹ ਉਪਕਰਣ ਰੱਖਣਾ 'ਫੇਅਰਪਲੇ' ਨੀਤੀਆਂ ਦੀ ਉਲੰਘਣਾ ਹੈ ਅਤੇ ਮੈਚ ਹਾਰਨ ਅਤੇ ਟੂਰਨਾਮੈਂਟ ਤੋਂ ਬਾਹਰ ਕਰਨ ਦੀ ਸਜ਼ਾ ਦੇ ਯੋਗ ਹੈ।"
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਛੇਵੇਂ ਗੇੜ ਵਿੱਚ ਜੋ ਅੰਕ ਬਣਾਏ ਸਨ ਉਹ ਉਸ ਦੇ ਵਿਰੋਧੀ ਗੋਵਾਹਰ ਬੇਦੁਲੇਵਾ ਨੂੰ ਦਿੱਤੇ ਗਏ। ਭਾਰਤੀ ਟੀਮ ਦੀ ਅਪੀਲ 'ਤੇ ਟੂਰਨਾਮੈਂਟ ਦੀ ਅਪੀਲ ਕਮੇਟੀ ਨੇ ਪ੍ਰਿਅੰਕਾ ਨੂੰ ਬਾਹਰ ਕਰਨ ਦੇ ਫੈਸਲੇ ਦੀ ਪੁਸ਼ਟੀ ਕੀਤੀ। ਪ੍ਰਿਅੰਕਾ ਨੇ ਪਹਿਲੇ ਪੰਜ ਗੇੜਾਂ ਵਿੱਚ ਤਿੰਨ ਜਿੱਤਾਂ ਅਤੇ ਦੋ ਡਰਾਅ ਨਾਲ ਚਾਰ ਅੰਕ ਹਾਸਲ ਕੀਤੇ ਸਨ।