
ਆਖਰੀ-16 ਦੌਰ ਦੇ ਮੁਕਾਬਲਿਆਂ 'ਚ ਤਿੰਨ ਮਹਿਲਾਵਾਂ ਸਮੇਤ ਨੌਂ ਭਾਰਤੀ ਰਿੰਗ 'ਚ ਪ੍ਰਵੇਸ਼ ਕਰਨਗੇ
ਨਵੀਂ ਦਿੱਲੀ - ਮੌਜੂਦਾ ਏਸ਼ੀਆਈ ਚੈਂਪੀਅਨ ਰਵੀਨਾ (63 ਕਿਲੋਗ੍ਰਾਮ) ਨੇ ਚੰਗੇ ਖੇਡ ਪ੍ਰਦਰਸ਼ਨ ਸਦਕਾ, ਸਪੇਨ ਦੇ ਲਾ ਨੁਸੀਆ ਵਿਖੇ ਚੱਲ ਰਹੀ ਆਈ.ਬੀ.ਏ. ਯੁਵਾ ਪੁਰਸ਼ ਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।
ਰਵੀਨਾ ਨੇ ਆਖਰੀ-16 ਦੌਰ ਦੇ ਮੈਚ 'ਚ ਹੰਗਰੀ ਦੀ ਵਰਗਾ ਫ਼ਰਾਂਸਿਸਕਾ ਰੋਜ਼ੀ ਨੂੰ ਹਰਾਇਆ। ਭਾਰਤੀ ਮੁੱਕੇਬਾਜ਼ ਸ਼ੁਰੂ ਤੋਂ ਹੀ ਸ਼ਕਤੀਸ਼ਾਲੀ ਪੰਚਾਂ ਨਾਲ ਹਾਵੀ ਰਹੀ।
ਦੂਜੇ ਦੌਰ ਵਿੱਚ ਵੀ ਉਸ ਨੇ ਇਸੇ ਤਰ੍ਹਾਂ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਵਿਰੋਧੀ ਉੱਤੇ ਹਾਵੀ ਹੋ ਗਈ, ਜਿਸ ਕਾਰਨ ਰੈਫ਼ਰੀ ਨੂੰ ਬਾਊਟ ਰੋਕਣ ਲਈ ਮਜਬੂਰ ਹੋਣਾ ਪਿਆ, ਅਤੇ ਭਾਰਤੀ ਮੁੱਕੇਬਾਜ਼ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ।
ਹੋਰਨਾਂ ਮਹਿਲਾ ਮੁੱਕੇਬਾਜ਼ਾਂ 'ਚ ਕੁੰਜਰਾਨੀ ਦੇਵੀ ਥੋਂਗਮ (60 ਕਿਲੋ) ਵੀ ਆਖਰੀ ਅੱਠ 'ਚ ਪਹੁੰਚ ਗਈ ਹੈ। ਉਸ ਨੇ ਸਪੇਨ ਦੀ ਜੋਰਜ ਮਾਰਟੀਨੇਜ਼ ਮਾਰੀਆ ਨੂੰ ਇਕਤਰਫ਼ਾ ਮੈਚ ਵਿੱਚ 5-0 ਨਾਲ ਹਰਾਇਆ।
ਪੁਰਸ਼ਾਂ ਦੀ ਮੁੱਕੇਬਾਜ਼ੀ ਵਿੱਚ ਮੋਹਿਤ (86 ਕਿਲੋਗ੍ਰਾਮ) ਨੇ ਆਪਣੇ ਵਿਰੋਧੀ ਲਿਥੁਆਨੀਆ ਦੇ ਟਾਮਸ ਲੇਮਾਨਸ ਦੇ ਦੂਜੇ ਦੌਰ ਵਿੱਚ ਅਯੋਗ ਕਰਾਰ ਦੇ ਦਿੱਤੇ ਜਾਣ ਕਾਰਨ ਕੁਆਰਟਰ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ।
ਸਾਹਿਲ ਚੌਹਾਨ (71 ਕਿਲੋਗ੍ਰਾਮ) ਨੇ ਆਖਰੀ 32 ਦੌਰ ਦੇ ਮੁਕਾਬਲੇ ਵਿੱਚ ਅਜ਼ਰਬਾਈਜਾਨ ਦੇ ਡੇਨੀਲ ਹੋਲੋਸਟੇਨਕੋ ਨੂੰ 5-0 ਨਾਲ ਹਰਾ ਕੇ ਪ੍ਰੀ-ਕੁਆਰਟਰ ਫ਼ਾਈਨਲ ਵਿੱਚ ਥਾਂ ਬਣਾਈ।
ਨਿਖਿਲ (57 ਕਿਲੋ) ਅਤੇ ਹਰਸ਼ (60 ਕਿਲੋ) ਆਪਣੇ ਆਖਰੀ-32 ਦੇ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਨਿਖਿਲ ਕਜ਼ਾਕਿਸਤਾਨ ਦੇ ਕਾਲਿਨਿਨ ਇਲਿਆ ਅਤੇ ਹਰਸ਼ ਅਰਮੇਨੀਆ ਦੇ ਏਰਿਕ ਲੇਰੇਲੀਅਨ ਤੋਂ ਹਾਰ ਗਏ।
ਟੂਰਨਾਮੈਂਟ ਦੇ ਪੰਜਵੇਂ ਦਿਨ ਆਖਰੀ-16 ਦੌਰ ਦੇ ਮੁਕਾਬਲਿਆਂ 'ਚ ਤਿੰਨ ਮਹਿਲਾਵਾਂ ਸਮੇਤ ਨੌਂ ਭਾਰਤੀ ਰਿੰਗ 'ਚ ਪ੍ਰਵੇਸ਼ ਕਰਨਗੇ।