
ਭੂਸ਼ਣ ਕੁਮਾਰ ਦੀ ਨਿਰਮਾਣ ਕੰਪਨੀ ‘ਟੀ-ਸੀਰੀਜ਼’ ਨੇ ਕੀਤਾ ਐਲਾਨ
Yuvraj Singh's biopic announced : ਭੂਸ਼ਣ ਕੁਮਾਰ ਦੀ ਫ਼ਿਲਮ ਨਿਰਮਾਣ ਕੰਪਨੀ ‘ਟੀ-ਸੀਰੀਜ਼’ ਨੇ ਮੰਗਲਵਾਰ ਨੂੰ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਮ ਅਜੇ ਤੈਅ ਨਹੀਂ ਕੀਤਾ ਗਿਆ ਹੈ। ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੇ ਬੈਨਰ ਹੇਠ ਇਸ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਵੀ ਭਾਗਚੰਦਕਾ ਸਹਿ-ਨਿਰਮਾਤਾ ਹੋਣਗੇ।
ਪ੍ਰੈਸ ਰਿਲੀਜ਼ ਮੁਤਾਬਕ ਇਹ ਫਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪਲਾਂ ਨੂੰ ਦਰਸਾਏਗੀ। ਫਿਲਮ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ ’ਚ ਉਸ ਦੇ ਛੇ ਗੇਂਦਾਂ ’ਤੇ ਛੱਕੇ, ਕੈਂਸਰ ਨਾਲ ਲੜਨ ਅਤੇ ਫਿਰ 2012 ’ਚ ਦੁਬਾਰਾ ਕ੍ਰਿਕਟ ਜਗਤ ’ਚ ਵਾਪਸੀ ਦੇ ਦੁਆਲੇ ਘੁੰਮਦੀ ਹੈ।
ਯੁਵਰਾਜ ਸਿੰਘ ਨੇ ਅਪਣੇ ਕੈਰੀਅਰ ਦੀ ਸ਼ੁਰੂਆਤ 13 ਸਾਲ ਦੀ ਉਮਰ ’ਚ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜੀਵਨ ’ਤੇ ਅਧਾਰਤ ਫਿਲਮ ਲੋਕਾਂ ਨੂੰ ਚੁਨੌਤੀਆਂ ਨਾਲ ਨਜਿੱਠਣ ਲਈ ਪ੍ਰੇਰਿਤ ਕਰੇਗੀ।
ਸਾਬਕਾ ਹਰਫ਼ਨਮੌਲਾ ਖਿਡਾਰੀ ਨੇ ਕਿਹਾ, ‘‘ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਭੂਸ਼ਣ ਅਤੇ ਰਵੀ ਦੁਨੀਆਂ ਭਰ ਵਿਚ ਮੇਰੇ ਲੱਖਾਂ ਪ੍ਰਸ਼ੰਸਕਾਂ ਨੂੰ ਮੇਰੀ ਕਹਾਣੀ ਵਿਖਾਉਣਗੇ। ਕ੍ਰਿਕਟ ਉਹ ਚੀਜ਼ ਹੈ ਜਿਸ ਨੂੰ ਮੈਂ ਸੱਭ ਤੋਂ ਵੱਧ ਪਿਆਰ ਕਰਦਾ ਹਾਂ ਅਤੇ ਸਾਰੇ ਉਤਰਾਅ-ਚੜ੍ਹਾਅ ਦੌਰਾਨ ਤਾਕਤ ਦਾ ਸਰੋਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਅਪਣੀਆਂ ਚੁਨੌਤੀਆਂ ਨੂੰ ਦੂਰ ਕਰਨ ਅਤੇ ਜਨੂੰਨ ਨਾਲ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰੇਗੀ।’’
ਭੂਸ਼ਣ ਕੁਮਾਰ ਨੇ ਕਿਹਾ ਕਿ ਉਹ ਯੁਵਰਾਜ ਸਿੰਘ ਦੀ ਪ੍ਰੇਰਣਾਦਾਇਕ ਯਾਤਰਾ ਨੂੰ ਵੱਡੇ ਪਰਦੇ ’ਤੇ ਲਿਆਉਣ ਲਈ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, ‘‘ਯੁਵਰਾਜ ਸਿੰਘ ਦੀ ਜ਼ਿੰਦਗੀ ਦ੍ਰਿੜਤਾ, ਜਿੱਤ ਅਤੇ ਜਨੂੰਨ ਦੀ ਬੇਮਿਸਾਲ ਕਹਾਣੀ ਹੈ। ਕ੍ਰਿਕਟ ਦੀ ਪਿੱਚ ਤੋਂ ਅਸਲ ਜ਼ਿੰਦਗੀ ਦਾ ‘ਹੀਰੋ’ ਬਣਨ ਤਕ ਦਾ ਉਸ ਦਾ ਸਫ਼ਰ ਸੱਚਮੁੱਚ ਪ੍ਰੇਰਣਾਦਾਇਕ ਹੈ।’’ ਨਿਰਮਾਤਾਵਾਂ ਨੇ ਅਜੇ ਤਕ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰਾਂ ਨਾਲ ਜੁੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।