
ਨਿਊਜ਼ੀਲੈਂਡ ਵਿਰੁਧ ਮੈਚ ’ਚ ਕੇ.ਐਲ. ਰਾਹੁਲ ਹੋ ਸਕਦੇ ਹਨ ਉਪ-ਕਪਤਾਨ
ਨਵੀਂ ਦਿੱਲੀ: ਭਾਰਤ ਦੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਬੰਗਲਾਦੇਸ਼ ਵਿਰੁਧ ਮੈਚ ਦੌਰਾਨ ਗਿੱਟੇ ’ਤੇ ਸੱਟ ਲੱਗਣ ਕਾਰਨ ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਦਾ ਅਗਲਾ ਮੈਚ ਨਹੀਂ ਖੇਡ ਸਕਣਗੇ। ਪੁਣੇ ’ਚ ਵੀਰਵਾਰ ਨੂੰ ਲੱਗੀ ਸੱਟ ਤੋਂ ਬਾਅਦ ਹਾਰਦਿਕ ਦਾ ਸਕੈਨ ਕਰਵਾਇਆ ਗਿਆ। ਉਹ ਰਿਕਵਰੀ ਲਈ ਬੇਂਗਲੁਰੂ ’ਚ ਕੌਮੀ ਕ੍ਰਿਕੇਟ ਅਕਾਦਮੀ ਜਾ ਰਹੇ ਹਨ। ਭਾਰਤ ਨੂੰ 22 ਅਕਤੂਬਰ ਨੂੰ ਧਰਮਸ਼ਾਲਾ ’ਚ ਨਿਊਜ਼ੀਲੈਂਡ ਨਾਲ ਖੇਡਣਾ ਹੈ।
ਬੀ.ਸੀ.ਸੀ.ਆਈ. ਨੇ ਇਕ ਬਿਆਨ ’ਚ ਕਿਹਾ, ‘‘ਟੀਮ ਇੰਡੀਆ ਦੇ ਉਪ-ਕਪਤਾਨ ਹਾਰਦਿਕ ਪਾਂਡਿਆ ਨੂੰ ਬੰਗਲਾਦੇਸ਼ ਵਿਰੁਧ ਫ਼ੀਲਡਿੰਗ ਦੌਰਾਨ ਖੱਬੇ ਗਿੱਟੇ ’ਚ ਸੱਟ ਲੱਗੀ ਹੈ। ਉਨ੍ਹਾਂ ਦਾ ਸਕੈਨ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿਤੀ ਗਈ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ’ਤੇ ਉਨ੍ਹਾਂ ਨਜ਼ਰ ਰੱਖੀ ਹੋਈ ਹੈ। ਉਹ ਧਰਮਸ਼ਾਲਾ ਨਹੀਂ ਜਾਣਗੇ ਅਤੇ ਹੁਣ ਸਿੱਧਾ ਲਖਨਊ ਜਾਣਗੇ ਜਿੱਥੇ ਟੀਮ ਨੂੰ ਇੰਗਲੈਂਡ ਨਾਲ ਖੇਡਣਾ ਹੈ।’’
ਭਾਰਤ ਦਾ ਲਖਨਊ ’ਚ ਇੰਗਲੈਂਡ ਵਿਰੁਧ ਮੈਚ 29 ਅਕਤੂਬਰ ਨੂੰ ਹੈ। ਨਿਊਜ਼ੀਲੈਂਡ ਵਿਰੁਧ ਮੈਚ ’ਚ ਕੇ.ਐਲ. ਰਾਹੁਲ ਉਪ-ਕਪਤਾਨ ਹੋ ਸਕਦੇ ਹਨ। ਰਾਹੁਲ ਨੇ ਰੋਹਿਤ ਸ਼ਰਮਾ ਅਤੇ ਪਾਂਡਿਆ ਦੀ ਗ਼ੈਰ-ਮੌਜੂਦਗੀ ’ਚ ਆਸਟ੍ਰੇਲੀਆ ਵਿਰੁਧ ਕਪਤਾਨੀ ਕੀਤੀ ਸੀ। ਨਿਊਜ਼ੀਲੈਂਡ ਵਿਰੁਧ ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ ਛੋਟਾ ਬ੍ਰੇਕ ਮਿਲੇਗਾ ਅਤੇ ਟੀਮ 26 ਅਕਤੂਬਰ ਨੂੰ ਲਖਨਉ ’ਚ ਇਕੱਠੀ ਹੋਵੇਗੀ। ਬੱਲੇਬਾਜ਼ੀ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ’ਚ ਸੂਰਿਆਕੁਮਾਰ ਯਾਦਵ ਜਾਂ ਈਸ਼ਾਨ ਕਿਸ਼ਨ ਟੀਮ ਦਾ ਹਿੱਸਾ ਹੋ ਸਕਦੇ ਹਨ।