
ਕਾਮਨ ਵੈਲਥ ਖੇਡਾਂ 'ਚ ਲਗਾਤਾਰ 3 ਵਾਰ ਮੈਡਲ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ ਖਿਡਾਰੀ
ਲੁਧਿਆਣਾ : ਲੁਧਿਆਣਾ ਦੇ ਵਿਕਾਸ ਠਾਕੁਰ ਨੂੰ ਖੇਡਾਂ 'ਚ ਦੂਜਾ ਸਭ ਤੋਂ ਵਡਾ ਪੁਰਸਕਾਰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ। 30 ਨਵੰਬਰ ਨੂੰ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਅਰਜੁਨ ਅਵਾਰਡ ਦਿੱਤਾ ਜਾਵੇਗਾ। ਦੇਸ਼ ਭਰ ਦੇ ਵਿਚ 35 ਦੇ ਕਰੀਬ ਖਿਡਾਰੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ ਜਿਸ ਵਿੱਚੋਂ ਕੁਝ ਨੂੰ ਹੀ ਇਸ ਸਾਲ ਅਰਜਨ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ।
ਇਨ੍ਹਾਂ ਖਿਡਾਰੀਆਂ ਵਿਚ ਲੁਧਿਆਣਾ ਦੇ ਵਿਕਾਸ ਠਾਕੁਰ ਦਾ ਨਾਂ ਵੀ ਸ਼ਾਮਲ ਹੈ। ਵਿਕਾਸ ਠਾਕੁਰ ਨੇ 9 ਸਾਲ ਦੀ ਉਮਰ ਵਿਚ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਸਾਲ 2014, 2018 ਅਤੇ 2022 ਦੇ ਵਿੱਚ ਲਗਾਤਾਰ ਤਿੰਨ ਵਾਰ ਮੈਡਲ ਹਾਸਲ ਕੀਤੇ ਹਨ। ਜਿਸ ਕਰ ਕੇ ਉਸ ਨੂੰ ਹੁਣ ਅਰਜੁਨ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ।
2014 'ਚ ਵਿਕਾਸ ਠਾਕੁਰ ਨੇ ਕਾਮਨਵੈਲਥ ਖੇਡਾਂ 'ਚ ਚਾਂਦੀ ਦਾ ਤਮਗ਼ਾ, 2018 'ਚ ਕਾਂਸੀ ਦਾ ਤਮਗ਼ਾ ਅਤੇ 2022 ਵਿਚ ਚਾਂਦੀ ਦਾ ਤਮਗ਼ਾ ਮੁੜ ਦੇਸ਼ ਦੀ ਝੋਲੀ ਪਾ ਕੇ ਦੇਸ਼ ਦਾ ਮਾਣ ਵਧਾਇਆ ਹੈ। ਵਿਕਾਸ ਠਾਕੁਰ ਦਾ 2 ਦਸੰਬਰ ਨੂੰ ਵਿਆਹ ਵੀ ਹੋਣ ਜਾ ਰਿਹਾ ਹੈ ਜਿਸ ਕਰ ਕੇ ਉਸ ਦੇ ਪਰਿਵਾਰ ਵਿੱਚ ਦੋਹਰੀ ਖੁਸ਼ੀ ਹੈ। ਵਿਕਾਸ ਠਾਕੁਰ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਅਤੇ ਸਕੇ ਸਬੰਧੀ ਕਾਫੀ ਖੁਸ਼ ਹਨ।