
ਆਸਟ੍ਰੇਲੀਆ ਦੇ ਸਾਬਕਾ ਦਿੱਗਜ ਕ੍ਰਿਕਟ ਖਿਡਾਰੀ ਇਆਨ ਚੈਪਲ ਦਾ ਮੰਨਣਾ ਹੈ ਕਿ ਜੇਕਰ ਭਾਰਤੀ ਟੀਮ ਇੰਗਲੈਂਡ ਅਤੇ ਮੁੜ ਆਸਟ੍ਰੇਲੀਆ ਦੀਆਂ ਕਮਜ਼ੋਰ..............
ਨਵੀਂ ਦਿੱਲੀ : ਆਸਟ੍ਰੇਲੀਆ ਦੇ ਸਾਬਕਾ ਦਿੱਗਜ ਕ੍ਰਿਕਟ ਖਿਡਾਰੀ ਇਆਨ ਚੈਪਲ ਦਾ ਮੰਨਣਾ ਹੈ ਕਿ ਜੇਕਰ ਭਾਰਤੀ ਟੀਮ ਇੰਗਲੈਂਡ ਅਤੇ ਮੁੜ ਆਸਟ੍ਰੇਲੀਆ ਦੀਆਂ ਕਮਜ਼ੋਰ ਟੀਮਾਂ ਵਿਰੁਧ ਉਸ ਦੀ ਜ਼ਮੀਨ 'ਤੇ ਲਗਾਤਾਰ ਦੋ ਟੈਸਟ ਲੜੀਆਂ ਗਵਾ ਦਿੰਦੀ ਹੈ ਤਾਂ ਇਹ ਅਪਰਾਧ ਹੈ। ਸਾਬਕਾ ਕਪਤਾਨ ਚੈਪਲ ਨੇ ਕਿਹਾ ਕਿ ਅਗਲੇ ਕੁਝ ਮਹੀਨੇ ਵਿਰਾਟ ਕੋਹਲੀ ਦੇ ਕਪਤਾਨੀ ਕੈਰੀਅਰ 'ਚ ਕਾਫ਼ੀ ਮਹੱਤਵਪੂਰਨ ਹੋਣਗੇ। ਚੈਪਲ ਨੇ ਇਕ ਮੈਗਜ਼ੀਨ 'ਚ ਕਾਲਮ ਲਿਖਦਿਆਂ ਕਿਹਾ ਕਿ ਬ੍ਰਿਟੇਨ ਪਹੁੰਚਣ ਤੋਂ ਪਹਿਲਾਂ ਭਾਰਤ ਕੋਲ ਦੋ ਦਿੱਗਜ ਟੀਮਾਂ ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਲਗਾਤਾਰ ਦੋ ਵਿਦੇਸ਼ੀ ਲੜੀਆਂ 'ਚ ਹਰਾਉਣ ਦਾ ਮੌਕਾ ਸੀ।
ਜੇਕਰ ਉਹ ਅਜਿਹਾ ਕਰਦੇ ਤਾਂ ਇਹ ਸ਼ਾਨਦਾਰ ਉਪਲਬਧੀ ਹੁੰਦੀ। ਜ਼ਿਕਰਯੋਗ ਹੈ ਕਿ ਇੰਗਲੈਂਡ ਦੌਰੇ ਤੋਂ ਬਾਅਦ ਸਾਲ ਦੇ ਅਖ਼ੀਰ 'ਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਾ ਹੈ। ਇਸ ਦੌਰੇ 'ਤੇ ਆਸਟ੍ਰੇਲੀਆਈ ਟੀਮ 'ਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵੀ ਨਹੀਂ ਖੇਡ ਰਹੇ ਹੋਣਗੇ। ਚੈਪਲ ਨੇ ਕਿਹਾ ਕਿ ਇੰਗਲੈਂਡ 'ਚ ਮਾੜੇ ਪ੍ਰਦਰਸ਼ਨ ਕਾਰਨ ਆਸਟ੍ਰੇਲੀਆ ਦਾ ਹੌਸਲਾ ਵੀ ਵਧੇਗਾ ਅਤੇ ਜੇਕਰ ਭਾਰਤ ਦੋਵੇਂ ਦੇਸ਼ਾਂ ਵਿਰੁਧ ਦੋਵੇਂ ਲੜੀਆਂ ਗਵਾ ਦਿੰਦਾ ਹੈ ਤਾਂ ਇਹ ਅਪਰਾਧ ਹੋਵੇਗਾ। (ਏਜੰਸੀ)