
IND vs PAK: ਪ੍ਰਸ਼ੰਸਕਾਂ ਲਈ ਐਤਵਾਰ ਦਾ ਦਿਨ ਸੁਪਰ ਸੰਡੇ ਹੋਣ ਵਾਲਾ ਹੈ, ਜਿੱਥੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਪਾਕਿਸਤਾਨ ਨਾਲ ਭਿੜੇਗੀ
IND vs PAK Champions trophy 2025 Match News in punjabi : ਜਿਸ ਮੈਚ ਦਾ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਸੀ, ਉਹ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਪ੍ਰਸ਼ੰਸਕਾਂ ਲਈ ਐਤਵਾਰ ਦਾ ਦਿਨ ਸੁਪਰ ਸੰਡੇ ਹੋਣ ਵਾਲਾ ਹੈ, ਜਿੱਥੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਪਾਕਿਸਤਾਨ ਨਾਲ ਭਿੜੇਗੀ। ਮੈਚ ਦੁਬਈ ਵਿੱਚ ਖੇਡਿਆ ਜਾਣਾ ਹੈ। ਭਾਰਤ ਨੇ ਬੰਗਲਾਦੇਸ਼ 'ਤੇ ਜਿੱਤ ਨਾਲ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਹੈ, ਜਦਕਿ ਪਾਕਿਸਤਾਨ ਨਿਊਜ਼ੀਲੈਂਡ ਤੋਂ ਆਪਣਾ ਪਹਿਲਾ ਮੈਚ ਹਾਰ ਗਿਆ ਹੈ। ਅਜਿਹੇ 'ਚ ਇਸ ਮੈਚ ਦਾ ਮਹੱਤਵ ਕਾਫ਼ੀ ਵਧ ਗਿਆ ਹੈ।
ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਟੀਮ 'ਚ ਕੋਈ ਜ਼ਖ਼ਮੀ ਖਿਡਾਰੀ ਨਹੀਂ ਹੈ। ਅਜਿਹੇ 'ਚ ਰੋਹਿਤ ਅਤੇ ਮੁੱਖ ਕੋਚ ਗੌਤਮ ਗੰਭੀਰ ਇਕ ਹੀ ਟੀਮ 'ਚ ਖੇਡਣਾ ਚਾਹੁਣਗੇ ਪਰ ਮੌਜੂਦਾ ਚੈਂਪੀਅਨ ਪਾਕਿਸਤਾਨੀ ਟੀਮ ਦੀ ਲਾਈਨਅੱਪ 'ਚ ਕਈ ਬਦਲਾਅ ਹੋਣ ਦੀ ਸੰਭਾਵਨਾ ਹੈ ਕਿਉਂਕਿ ਟੀਮ ਦੇ ਕੁਝ ਖਿਡਾਰੀ ਜ਼ਖ਼ਮੀ ਹਨ। ਜ਼ਖ਼ਮੀ ਹੋਏ ਖਿਡਾਰੀਆਂ 'ਚ ਖ਼ਤਰਨਾਕ ਬੱਲੇਬਾਜ਼ ਫ਼ਖ਼ਰ ਜ਼ਮਾਨ ਦਾ ਨਾਂ ਵੀ ਸ਼ਾਮਲ ਹੈ, ਜੋ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਫ਼ਖ਼ਰ ਦੀ ਜਗ੍ਹਾ ਕਿਸ ਨੂੰ ਮਿਲੇਗਾ ਮੌਕਾ?
ਅਜਿਹੇ 'ਚ ਟੀਮ ਫ਼ਖ਼ਰ ਦੀ ਜਗ੍ਹਾ ਉਸਮਾਨ ਖ਼ਾਨ ਨੂੰ ਓਪਨਿੰਗ ਕਰਨ ਦਾ ਮੌਕਾ ਦੇ ਸਕਦੀ ਹੈ। ਸਾਊਦ ਸ਼ਕੀਲ ਨੇ ਤਿਕੋਣੀ ਲੜੀ ਵਿੱਚ ਵਨਡੇ ਵਾਪਸੀ ਤੋਂ ਬਾਅਦ ਸਿਰਫ਼ 15, 8 ਅਤੇ 6 ਦੌੜਾਂ ਬਣਾਈਆਂ ਹਨ, ਜਦੋਂ ਕਿ ਉਸ ਦੀ ਇੱਕ ਰੋਜ਼ਾ ਔਸਤ 24.71 ਹੈ। ਉਸ ਦੇ ਪ੍ਰਦਰਸ਼ਨ ਤੋਂ ਬਾਅਦ ਉਸ ਲਈ ਭਾਰਤ ਦੇ ਖ਼ਿਲਾਫ਼ ਅਹਿਮ ਮੈਚ 'ਚ ਖੇਡਣਾ ਮੁਸ਼ਕਿਲ ਹੈ।
ਟੀਮ ਮੱਧਕ੍ਰਮ ਵਿੱਚ ਵੀ ਬਦਲਾਅ ਕਰ ਸਕਦੀ ਹੈ ਅਤੇ ਕਾਮਰਾਨ ਗੁਲਾਮ ਨੂੰ ਮੌਕਾ ਦੇ ਸਕਦੀ ਹੈ। ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ਼ ਨੇ ਨਿਊਜ਼ੀਲੈਂਡ ਖ਼ਿਲਾਫ਼ 10 ਓਵਰਾਂ ਦੇ ਆਪਣੇ ਕੋਟੇ 'ਚ 83 ਦੌੜਾਂ ਦਿੱਤੀਆਂ। ਜੇਕਰ ਟੀਮ 'ਚ ਬਦਲਾਅ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਮੁਹੰਮਦ ਹਸਨੈਨ ਜਾਂ ਫ਼ਹੀਮ ਅਸ਼ਰਫ ਨੂੰ ਮੌਕਾ ਮਿਲ ਸਕਦਾ ਹੈ।