
MotoGP ਨੇ ਗਲਤੀ ਲਈ ਮੰਗੀ ਮੁਆਫੀ
ਨੋਇਡਾ: ਭਾਰਤ ’ਚ ਕਰਵਾਏ ਜਾ ਰਹੇ ਸਭ ਤੋਂ ਵੱਡੇ ਮੋਟਰਸਾਈਕਲ ਰੇਸ ਈਵੈਂਟ ਮੋਟੋ ਜੀ.ਪੀ. ਦੇ ਸ਼ੁਰੂਆਤੀ ਅਭਿਆਸ ਸੈਸ਼ਨ ਦੌਰਾਨ ਸ਼ੁਕਰਵਾਰ ਨੂੰ ਭਾਰਤ ਦੇ ਵਿਵਾਦਿਤ ਨਕਸ਼ੇ ਨੂੰ ਲਾਈਵ ਸਟ੍ਰੀਮ ਵਿਚ ਪ੍ਰਸਾਰਤ ਕੀਤਾ ਗਿਆ, ਜਿਸ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਕਿਉਂਕਿ ਇਸ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਨਹੀਂ ਵਿਖਾਇਆ ਗਿਆ ਸੀ।
ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਵਲੋਂ ਇਸ ਮੁੱਦੇ ਨੂੰ ਉਜਾਗਰ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ, MotoGP ਨੇ X (ਪਹਿਲਾਂ ਟਵਿੱਟਰ) ’ਤੇ ਅਪਣੇ ਅਧਿਕਾਰਤ ਖਾਤੇ ’ਤੇ ਗਲਤੀ ਲਈ ਮੁਆਫੀ ਮੰਗੀ।
MotoGP ਨੇ ਕਿਹਾ, ‘‘ਅਸੀਂ MotoGP ਪ੍ਰਸਾਰਣ ਦੇ ਪਹਿਲੇ ਹਿੱਸੇ ’ਚ ਵਿਖਾਏ ਗਏ ਨਕਸ਼ੇ ਲਈ ਭਾਰਤ ’ਚ ਅਪਣੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਣਾ ਚਾਹੁੰਦੇ ਹਾਂ। ਸਾਡੇ ਮੇਜ਼ਬਾਨ ਦੇਸ਼ ਲਈ ਸਮਰਥਨ ਅਤੇ ਪ੍ਰਸ਼ੰਸਾ ਤੋਂ ਇਲਾਵਾ ਹੋਰ ਕੋਈ ਬਿਆਨ ਦੇਣ ਦਾ ਸਾਡਾ ਇਰਾਦਾ ਨਹੀਂ ਹੈ।’’
ਇਸ ’ਚ ਕਿਹਾ ਗਿਆ ਹੈ, ‘‘ਅਸੀਂ ਤੁਹਾਡੇ ਨਾਲ ‘ਇੰਡੀਅਨ ਆਇਲ ਗ੍ਰਾਂ ਪ੍ਰੀ ਆਫ ਇੰਡੀਆ’ ਦਾ ਆਨੰਦ ਲੈਣ ਲਈ ਉਤਸ਼ਾਹਿਤ ਹਾਂ ਅਤੇ ਅਸੀਂ ਤੁਹਾਡੇ ਨਾਲ ਹਾਂ। ਪਹਿਲੀ ਨਜ਼ਰ ’ਚ, ਅਸੀਂ ਇੱਥੇ ਬੁੱਧ ਇੰਟਰਨੈਸ਼ਨਲ ਸਰਕਟ (BIC) ਨੂੰ ਪਸੰਦ ਕਰ ਰਹੇ ਹਾਂ।’’
ਐਮ.ਐਮ.ਐਸ.ਸੀ.ਆਈ. (ਫ਼ੈਡਰੇਸ਼ਨ ਆਫ਼ ਇੰਡੀਅਨ ਮੋਟਰ ਸਪੋਰਟਸ ਕਲੱਬਜ਼) ਦੇ ਪ੍ਰਧਾਨ ਅਕਬਰ ਇਬਰਾਹਿਮ ਬੀ.ਆਈ.ਸੀ. ਦੇ ਰੇਸ ਕੰਟਰੋਲ ਰੂਮ ’ਚ ਬੈਠੇ ਸਨ ਜਦੋਂ ਇਹ ਸ਼ਰਮਨਾਕ ਕੁਤਾਹੀ ਹੋਈ।
ਇਬਰਾਹਿਮ ਨੇ ਕਿਹਾ, ‘‘ਇੰਡੀਅਨ ਗ੍ਰਾਂ ਪ੍ਰੀ ਦੇ ਟੈਲੀਕਾਸਟ ਦੌਰਾਨ ਮੋਟੋ ਜੀ.ਪੀ. ਟੀ.ਵੀ. ਵਲੋਂ ਭਾਰਤ ਦਾ ਗਲਤ ਨਕਸ਼ਾ ਵਿਖਾਇਆ ਗਿਆ, ਜੋ ਕਿ ਬਹੁਤ ਅਫਸੋਸਨਾਕ ਹੈ। ਅਸੀਂ ਸਮਝਦੇ ਹਾਂ ਕਿ MotoGP ਨੇ ਇਸ ਲਈ ਜਨਤਕ ਮੁਆਫੀਨਾਮਾ ਜਾਰੀ ਕੀਤਾ ਹੈ।’’
ਇਬਰਾਹਿਮ ਨੇ ਕਿਹਾ, ‘‘FMSCI ਅਪਣੀਆਂ ਮੋਟੋਸਪੋਰਟਸ ਮਾਨਤਾ ਪ੍ਰਾਪਤ ਇਕਾਈਆਂ ਨੂੰ ਸਲਾਹ ਦਿੰਦਾ ਹੈ ਕਿ ਉਨ੍ਹਾਂ ਨੂੰ ਭਾਰਤੀ ਨਕਸ਼ੇ ਅਤੇ ਭਾਰਤੀ ਤਿਰੰਗੇ ਨੂੰ ਵਿਖਾਉਣ ’ਚ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸ ਨੂੰ ਸਹੀ ਢੰਗ ਨਾਲ ਵਿਖਾਉਣਾ ਚਾਹੀਦਾ ਹੈ।’’
ਭਾਰਤ 2013 ’ਚ ਫਾਰਮੂਲਾ ਵਨ ਰੇਸ ਤੋਂ ਬਾਅਦ ਪਹਿਲੀ ਵਾਰ ਇਸ ਪੱਧਰ ਦੀ ਮੋਟੋ ਰੇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਮੋਟੋ 2, ਮੋਟੋ 3 ਅਤੇ ਮੋਟੋ ਜੀ.ਪੀ. ਦੇ ਰੇਸਰ ਸ਼ੁਕਰਵਾਰ ਨੂੰ ਅਭਿਆਸ ਕਰਨਗੇ ਜਦੋਂ ਕਿ ਕੁਆਲੀਫਾਇੰਗ ਮੈਚ ਸ਼ਨੀਵਾਰ ਨੂੰ ਹੋਣਗੇ। ਮੁੱਖ ਦੌੜ ਐਤਵਾਰ ਨੂੰ ਹੋਵੇਗੀ।