
ਭਾਰਤ ਤੋਂ ਕੁੱਲ 655 ਖਿਡਾਰੀ ਲੈ ਰਹੇ ਹਿੱਸਾ
ਹਾਂਗਜ਼ੂ: 19ਵੀਆਂ ਏਸ਼ਿਆਈ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਇਸ ਵਾਰ ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਗਸਤ ਤਕ ਚੀਨ ਦੇ ਹਾਂਗਜ਼ੂ ਵਿਚ ਹੋ ਰਹੀਆਂ ਹਨ। ਏਸ਼ੀਆਈ ਖੇਡਾਂ 2023 ਦਾ ਉਦਘਾਟਨ ਸਮਾਰੋਹ ਸ਼ਨਿਚਰਵਾਰ ਨੂੰ ਆਯੋਜਤ ਕੀਤਾ ਗਿਆ ਸੀ, ਜਿਸ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਸ਼ਿਰਕਤ ਕੀਤੀ ਸੀ।
ਉਦਘਾਟਨੀ ਸਮਾਰੋਹ ਵਿਚ ਭਾਰਤੀ ਟੀਮ ਦੀ ਅਗਵਾਈ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੀ। ਏਸ਼ੀਆਈ ਖੇਡਾਂ 2023 ਵਿਚ ਭਾਰਤ ਤੋਂ ਕੁੱਲ 655 ਖਿਡਾਰੀ ਹਿੱਸਾ ਲੈ ਰਹੇ ਹਨ, ਜੋ ਦੇਸ਼ ਦਾ ਹੁਣ ਤਕ ਦਾ ਸਭ ਤੋਂ ਵੱਡਾ ਦਲ ਹੈ। ਭਾਰਤੀ ਖਿਡਾਰੀ ਕੁੱਲ 40 ਮੁਕਾਬਲਿਆਂ ਵਿਚ ਚੁਨੌਤੀ ਦੇਣਗੇ।
ਸਟਾਰ ਪਹਿਲਵਾਨ ਬਜਰੰਗ ਪੂਨੀਆ (65 ਕਿਲੋ) ਵੀ ਏਸ਼ਿਆਈ ਖੇਡਾਂ ਵਿਚ ਅਪਣੀ ਚੁਨੌਤੀ ਪੇਸ਼ ਕਰਨਗੇ। ਭਾਰਤੀ ਸ਼ਤਰੰਜ ਖਿਡਾਰੀ ਕੋਨੇਰੂ ਇਕ ਮਜ਼ਬੂਤ ਹੰਪੀ ਸ਼ਤਰੰਜ ਟੀਮ ਦਾ ਹਿੱਸਾ ਹਨ, ਜਿਸ ਵਿਚ ਡੀ ਹਰਿਕਾ ਅਤੇ ਆਰ. ਪ੍ਰਗਿਆਨੰਦ ਸ਼ਾਮਲ ਹਨ।
ਪ੍ਰਗਿਆਨੰਦ ਨੇ ਹਾਲ ਹੀ ਵਿਚ ਸ਼ਤਰੰਜ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ, ਜਿਥੇ ਉਹ ਫਾਈਨਲ ਵਿਚ ਮੈਗਨਸ ਕਾਰਲਸਨ ਤੋਂ ਹਾਰ ਗਏ। ਟੈਨਿਸ, ਮੁੱਕੇਬਾਜ਼ੀ, ਕੁਸ਼ਤੀ, ਬੈਡਮਿੰਟਨ, ਹਾਕੀ, ਸ਼ੂਟਿੰਗ ਅਤੇ ਕਬੱਡੀ ਵਿਚ ਭਾਰਤੀ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਪੂਰੀ ਸੰਭਾਵਨਾ ਹੈ। ਇਸ ਵਾਰ ਵੀ ਏਸ਼ਿਆਈ ਖੇਡਾਂ ਵਿਚ ਕ੍ਰਿਕਟ ਦਾ ਆਯੋਜਨ ਕੀਤਾ ਜਾ ਰਿਹਾ ਹੈ।