
ਗੂੰਗੇ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ ਓਲੰਪਿਕ ਕਾਂਸੀ ਤਮਗ਼ਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਾ ਸਮਰਥਨ ਕੀਤਾ
'Goonga Pahalwan' - ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦਾ ਪ੍ਰਧਾਨ ਬਣਾਏ ਜਾਣ ਦੇ ਵਿਰੋਧ ਵਿਚ ਡੈਫਲੰਪਿਕਸ ਦੇ ਸੋਨ ਤਮਗ਼ਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਵਿਚ ਸ਼ਾਮਲ ਹੋ ਕੇ ਸਰਕਾਰ ਦਾ ਵਿਰੋਧ ਜਤਾਇਆ ਹੈ ਤੇ ਸਰਕਾਰ ਨੂੰ ਉਨ੍ਹਾਂ ਦਾ ਪਦਮਸ਼੍ਰੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਗੂੰਗੇ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ ਓਲੰਪਿਕ ਕਾਂਸੀ ਤਮਗ਼ਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰ ਦੇਵੇਗਾ। ਸਾਬਕਾ WFI ਮੁਖੀ ਬ੍ਰਿਜ ਭੂਸ਼ਣ ਦੇ ਖਿਲਾਫ਼ ਪ੍ਰਦਰਸ਼ਨਾਂ ਦੇ ਪ੍ਰਮੁੱਖ ਚਿਹਰਿਆਂ ਵਿਚੋਂ ਇੱਕ ਸਾਕਸ਼ੀ ਨੇ WFI ਚੋਣਾਂ ਵਿਚ ਸੰਜੇ ਸਿੰਘ ਦੀ ਜਿੱਤ ਤੋਂ ਤੁਰੰਤ ਬਾਅਦ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਜਦੋਂ ਕਿ ਬਜਰੰਗ ਨੇ ਸ਼ੁੱਕਰਵਾਰ ਨੂੰ ਆਪਣਾ ਪਦਮ ਸ਼੍ਰੀ ਵਾਪਸ ਕਰ ਦਿੱਤਾ ਸੀ।
ਵਰਿੰਦਰ ਨੇ ਅਪਣੇ ਟਵਿੱਟਰ 'ਤੇ ਲਿਖਿਆ ਕਿ, ''ਮੈਂ ਆਪਣੀ ਭੈਣ ਅਤੇ ਦੇਸ਼ ਦੀ ਧੀ ਲਈ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਾਂਗਾ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੈਨੂੰ ਤੁਹਾਡੀ ਬੇਟੀ ਅਤੇ ਮੇਰੀ ਭੈਣ ਸਾਕਸ਼ੀ ਮਲਿਕ 'ਤੇ ਮਾਣ ਹੈ। ਉਨ੍ਹਾਂ ਸਚਿਨ ਤੇਂਦੁਲਕਰ ਅਤੇ ਨੀਰਜ ਚੋਪੜਾ ਵਰਗੀਆਂ ਦੇਸ਼ ਦੀਆਂ ਉੱਘੀਆਂ ਖੇਡ ਹਸਤੀਆਂ ਨੂੰ ਵੀ ਇਸ ਮੁੱਦੇ 'ਤੇ ਆਪਣੀ ਰਾਏ ਦੇਣ ਦੀ ਅਪੀਲ ਕੀਤੀ।
ਮਹਾਨ ਕ੍ਰਿਕਟਰ ਤੇਂਦੁਲਕਰ ਅਤੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਚੋਪੜਾ ਨੂੰ ਟੈਗ ਕਰਦੇ ਹੋਏ, ਵਰਿੰਦਰ ਨੇ ਕਿਹਾ, “ਮੈਂ ਦੇਸ਼ ਦੇ ਚੋਟੀ ਦੇ ਖਿਡਾਰੀਆਂ ਨੂੰ ਵੀ ਆਪਣਾ ਫੈਸਲਾ ਦੇਣ ਦੀ ਬੇਨਤੀ ਕਰਾਂਗਾ। ਵਰਿੰਦਰ ਨੂੰ 2021 ਵਿਚ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਮਿਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2015 'ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਕਸ਼ੀ, ਬਜਰੰਗ ਅਤੇ ਵਿਨੇਸ਼ ਫੋਗਾਟ ਨੇ ਡਬਲਯੂਐਫਆਈ ਦੇ ਚੋਣ ਫ਼ੈਸਲਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਵਿਚ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਇਕ ਦਿਨ ਬਾਅਦ ਪੂਨੀਆ ਨੇ ਟਵਿੱਟਰ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ''ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ਼ ਕਹਿਣ ਲਈ ਮੇਰੀ ਚਿੱਠੀ ਹੈ। ਇਹ ਮੇਰਾ ਬਿਆਨ ਹੈ।
ਇਨ੍ਹਾਂ ਤਿੰਨਾਂ ਤੋਂ ਇਲਾਵਾ ਦੇਸ਼ ਦੇ ਕੁਝ ਹੋਰ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ 30 ਮਈ ਨੂੰ ਹਰਿਦੁਆਰ ਵਿਚ ਗੰਗਾ ਨਦੀ ਵਿਚ ਆਪਣੇ ਤਮਗ਼ੇ ਡੁਬੋਣ ਦਾ ਫ਼ੈਸਲਾ ਕੀਤਾ ਸੀ ਪਰ ਕਿਸਾਨ ਆਗੂਆਂ ਨੇ ਉਹਨਾਂ ਨੂੰ ਅਜਿਹਾ ਕਦਮ ਚੁੱਕਣ ਲਈ ਮਨਾਂ ਕੀਤਾ ਸੀ।