
2 ਘੰਟੇ 56 ਮਿੰਟ 34 ਸੈਕਿੰਡ ਦੇ ਸਮੇਂ ਨਾਲ 11ਵੇਂ ਸਥਾਨ ’ਤੇ ਰਹੀ
New Delhi: ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂ ਪੈਦਲ ਚਾਲ ਦੀ ਅਥਲੀਟ ਪ੍ਰਿਯੰਕਾ ਗੋਸਵਾਮੀ ਨੇ ਸਲੋਵਾਕੀਆ ਦੇ ਡੁਡਿੰਸ ਵਿੱਚ ਡੁਡਿੰਸਕਾ 50 ਮੁਕਾਬਲੇ ਵਿੱਚ ਮਹਿਲਾਵਾਂ ਦੇ 35 ਕਿਲੋਮੀਟਰ ਈਵੈਂਟ ਵਿੱਚ ਕੌਮੀ ਰਿਕਾਰਡ ਬਣਾਇਆ। ਪ੍ਰਿਯੰਕਾ ਇਸ ਗੋਲਡ ਲੇਬਲ ਮੁਕਾਬਲੇ ਵਿੱਚ 2 ਘੰਟੇ 56 ਮਿੰਟ 34 ਸੈਕਿੰਡ (2:56:34) ਦੇ ਸਮੇਂ ਨਾਲ 11ਵੇਂ ਸਥਾਨ ’ਤੇ ਰਹੀ।
ਉਸ ਦਾ ਪਿਛਲਾ ਨਿੱਜੀ ਸਰਵੋਤਮ ਪ੍ਰਦਰਸ਼ਨ 3:13:19 ਸੀ। ਦੋ ਵਾਰ ਦੀ ਓਲੰਪੀਅਨ ਪ੍ਰਿਯੰਕਾ ਨੇ 2023 ਵਿੱਚ ਰਾਂਚੀ ’ਚ ਹੋਈ ਨੈਸ਼ਨਲ ਓਪਨ ਪੈਦਲ ਚਾਲ ਚੈਂਪੀਅਨਸ਼ਿਪ ਵਿੱਚ ਮੰਜੂ ਰਾਣੀ ਵੱਲੋਂ ਬਣਾਇਆ ਗਿਆ 2:57:54 ਦਾ ਪਿਛਲਾ ਕੌਮੀ ਰਿਕਾਰਡ ਤੋੜਿਆ ਸੀ। ਪ੍ਰਿਯੰਕਾ ਨੇ 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 10,000 ਮੀਟਰ ਪੈਦਲ ਚਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਧਰ ਕੌਮੀ ਰਿਕਾਰਡ ਧਾਰਕ ਆਕਾਸ਼ਦੀਪ ਸਿੰਘ ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ 1:24:13 ਦੇ ਸਮੇਂ ਨਾਲ ਛੇਵੇਂ ਸਥਾਨ ’ਤੇ ਰਿਹਾ।