
ਖਿਡਾਰੀਆਂ ਨੂੰ ਦੇਸ਼ ਲਈ ਖੇਡਣ ਤੋਂ ਪਹਿਲਾਂ ਦੂਜੀ ਵਾਰ ਨਹੀਂ ਸੋਚਣਾ ਚਾਹੀਦਾ : ਏ.ਆਈ.ਟੀ.ਏ. ਦੇ ਜਨਰਲ ਸਕੱਤਰ ਅਨਿਲ ਧੂਪਰ
Davis Cup: ਭਾਰਤ ਦੇ ਦੋ ਸਿਖਰਲੇ ਸਿੰਗਲਜ਼ ਖਿਡਾਰੀਆਂ ਸੁਮਿਤ ਨਾਗਲ ਅਤੇ ਸ਼ਸ਼ੀ ਕੁਮਾਰ ਮੁਕੁੰਦ ਨੇ ਆਲ ਇੰਡੀਆ ਟੈਨਿਸ ਫੈਡਰੇਸ਼ਨ (ਏ.ਆਈ.ਟੀ.ਏ.) ਨੂੰ ਕਿਹਾ ਹੈ ਕਿ ਉਹ ਆਗਾਮੀ ਡੇਵਿਸ ਕੱਪ ਟਾਈ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੇ, ਜਿਸ ਤੋਂ ਰਾਸ਼ਟਰੀ ਫ਼ੈਡਰੇਸ਼ਨ ਨਾਰਾਜ਼ ਹੈ। ਖਿਡਾਰੀਆਂ ਦੇ ਇਸ ਰਵੱਈਏ ’ਤੇ ਆਪਣੀ ਅਗਲੀ ਕਾਰਜਕਾਰਨੀ ਦੀ ਮੀਟਿੰਗ ’ਚ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਨਾਗਲ ਭਾਰਤ ਦਾ ਬਿਹਤਰੀਨ ਰੈਂਕਿੰਗ ਵਾਲਾ ਖਿਡਾਰੀ ਹੈ। ਉਸ ਦੀ ਵਿਸ਼ਵ ਰੈਂਕਿੰਗ 141 ਹੈ ਜਦਕਿ ਮੁਕੁੰਦ 477 ਦੀ ਵਿਸ਼ਵ ਰੈਂਕਿੰਗ ਨਾਲ ਭਾਰਤੀ ਖਿਡਾਰੀਆਂ ’ਚ ਦੂਜੇ ਸਥਾਨ ’ਤੇ ਹੈ। ਇਨ੍ਹਾਂ ਦੋਹਾਂ ਖਿਡਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ ਉਹ ਫਰਵਰੀ ’ਚ ਹੋਣ ਵਾਲੇ ਵਿਸ਼ਵ ਗਰੁੱਪ ਵਨ ਪਲੇਅ ਆਫ ਮੈਚ ਲਈ ਉਪਲਬਧ ਨਹੀਂ ਹੋਣਗੇ। ਹਾਲਾਂਕਿ ਉਨ੍ਹਾਂ ਨੇ ਇਸ ਦਾ ਕੋਈ ਠੋਸ ਕਾਰਨ ਨਹੀਂ ਦਸਿਆ ਹੈ।
ਪੀ.ਟੀ.ਆਈ. ਨੂੰ ਪਤਾ ਲੱਗਾ ਹੈ ਕਿ ਨਾਗਲ ਖੇਡਣਾ ਨਹੀਂ ਚਾਹੁੰਦਾ ਕਿਉਂਕਿ ਮੈਚ ਘਾਹ ਦੇ ਮੈਦਾਨ (ਗਰਾਸ ਕੋਰਟ) ’ਤੇ ਹੋਵੇਗਾ। ਉਹ ਇਸ ਕਿਸਮ ਦੇ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਨਹੀਂ ਹਨ। ਮੁਕੁੰਦ ਨੇ ਨਿੱਜੀ ਕਾਰਨਾਂ ਕਰ ਕੇ ਇਸ ਮੁਕਾਬਲੇ ਤੋਂ ਹਟਣ ਦਾ ਫੈਸਲਾ ਕੀਤਾ ਹੈ। ਏ.ਆਈ.ਟੀ.ਏ. ਦੇ ਸੂਤਰਾਂ ਨੇ ਕਿਹਾ, ‘‘ਨਾਗਲ ਨੇ ਕਾਫੀ ਸਮਾਂ ਪਹਿਲਾਂ ਟੀਮ ਪ੍ਰਬੰਧਨ ਨੂੰ ਕਿਹਾ ਸੀ ਕਿ ਪਾਕਿਸਤਾਨ ਵਿਰੁਧ ਮੈਚ ਲਈ ਉਸ ਦੇ ਨਾਂ ’ਤੇ ਵਿਚਾਰ ਨਾ ਕੀਤਾ ਜਾਵੇ ਕਿਉਂਕਿ ਉਹ ਗਰਾਸ ਕੋਰਟ ’ਤੇ ਖੇਡਣਾ ਪਸੰਦ ਨਹੀਂ ਕਰਦਾ ਹੈ।’’ ਮੌਜੂਦਾ ਹਾਲਾਤ ’ਚ, ਭਾਰਤੀ ਚੁਨੌਤੀ ਦੀ ਅਗਵਾਈ ਰਾਮਕੁਮਾਰ ਰਾਮਨਾਥਨ ਕਰਨਗੇ, ਜਿਸ ਦੀ ‘ਸਰਵ ਐਂਡ ਵਾਲੀ’ ਸ਼ੈਲੀ ਇਸ ਕਿਸਮ ਦੀ ਕੋਰਟ ਲਈ ਅਨੁਕੂਲ ਹੈ। ਇਹ ਮੈਚ ਜਿੱਤਣ ਵਾਲੀ ਟੀਮ ਸਾਲ 2024 ’ਚ ਵਿਸ਼ਵ ਗਰੁੱਪ ਵਨ ’ਚ ਰਹੇਗੀ।
ਭਾਰਤ ਦਾ ਦੂਜਾ ਵਿਕਲਪ ਦਿਗਵਿਜੇ ਪ੍ਰਤਾਪ ਸਿੰਘ ਹੈ ਜਿਸ ਨੇ ਇਸ ਸਾਲ ਸਤੰਬਰ ’ਚ ਮੋਰੱਕੋ ਵਿਰੁਧ ਡੇਵਿਸ ਕੱਪ ’ਚ ਸ਼ੁਰੂਆਤ ਕੀਤੀ ਸੀ। ਏ.ਆਈ.ਟੀ.ਏ. ਦੇ ਜਨਰਲ ਸਕੱਤਰ ਅਨਿਲ ਧੂਪਰ ਨੇ ਖਿਡਾਰੀਆਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਦੇਸ਼ ਲਈ ਖੇਡਣ ਤੋਂ ਪਹਿਲਾਂ ਦੂਜੀ ਵਾਰ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਕਿਹਾ, ‘‘ਇਹ ਗਲਤ ਹੈ। ਜਦੋਂ ਦੇਸ਼ ਲਈ ਖੇਡਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਪਿੱਛੇ ਕਿਉਂ ਰਹਿੰਦੇ ਹੋ? ਮੈਂ ਇਹ ਮਾਮਲਾ ਕਾਰਜਕਾਰੀ ਕਮੇਟੀ ਨੂੰ ਸੌਂਪ ਦਿੱਤਾ ਹੈ।’’
ਪਿਛਲੇ 59 ਸਾਲਾਂ ’ਚ ਭਾਰਤੀ ਡੇਵਿਸ ਕੱਪ ਟੀਮ ਵਲੋਂ ਪਾਕਿਸਤਾਨ ਦਾ ਇਹ ਪਹਿਲਾ ਦੌਰਾ ਹੋਵੇਗਾ
ਇਸ ਤੋਂ ਪਹਿਲਾਂ 2019 ’ਚ ਵੀ ਭਾਰਤ ਨੇ ਪਾਕਿਸਤਾਨ ’ਚ ਖੇਡਣਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਏਸ਼ੀਆ ਓਸ਼ੇਨੀਆ ਗਰੁੱਪ 1 ਦਾ ਇਹ ਮੈਚ ਕਜ਼ਾਕਿਸਤਾਨ ’ਚ ਖੇਡਿਆ ਗਿਆ ਸੀ। ਇਸ ਵਾਰ ਵੀ ਭਾਰਤ ਨੇ ਮੈਚ ਨਿਰਪੱਖ ਸਥਾਨ ’ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਡੇਵਿਸ ਕੱਪ ਕਮੇਟੀ ਨੇ ਏ.ਆਈ.ਟੀ.ਏ. ਦੀ ਅਪੀਲ ਨੂੰ ਠੁਕਰਾ ਦਿੱਤਾ ਸੀ। ਪਾਕਿਸਤਾਨ ਵੀ ਭਾਰਤੀ ਟੀਮ ਦੀ ਮੇਜ਼ਬਾਨੀ ਦਾ ਇੱਛੁਕ ਹੈ ਅਤੇ ਪਾਕਿਸਤਾਨ ਟੈਨਿਸ ਫੈਡਰੇਸ਼ਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇਕਰ ਮੈਚ ਦਾ ਸਥਾਨ ਬਦਲਿਆ ਜਾਂਦਾ ਹੈ ਤਾਂ ਉਹ ਮੈਚ ਤੋਂ ਹਟ ਜਾਵੇਗਾ। ਜੇਕਰ ਭਾਰਤ ਇਸ ਦੌਰੇ ’ਤੇ ਜਾਂਦਾ ਹੈ ਤਾਂ ਪਿਛਲੇ 59 ਸਾਲਾਂ ’ਚ ਡੇਵਿਸ ਕੱਪ ਟੀਮ ਦਾ ਪਾਕਿਸਤਾਨ ਦਾ ਇਹ ਪਹਿਲਾ ਦੌਰਾ ਹੋਵੇਗਾ। ਭਾਰਤੀ ਡੇਵਿਸ ਕੱਪ ਟੀਮ ਨੇ ਆਖਰੀ ਵਾਰ 1964 ’ਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਉਹ ਮੈਚ 4-0 ਨਾਲ ਜਿੱਤਿਆ ਸੀ। ਪਾਕਿਸਤਾਨੀ ਤਿੰਨ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ। ਡੇਵਿਸ ਕੱਪ ’ਚ ਭਾਰਤ ਅਜੇ ਤੱਕ ਪਾਕਿਸਤਾਨ ਤੋਂ ਨਹੀਂ ਹਾਰਿਆ ਹੈ।
(For more news apart from Davis Cup, stay tuned to Rozana Spokesman)