
India-Australia Test Match : ਕੋਹਲੀ ਦਾ 30ਵਾਂ ਟੈਸਟ ਸੈਂਕੜਾ, ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟਰੇਲੀਆ ਨੇ 12 ਦੌੜਾਂ ’ਤੇ 3 ਵਿਕਟਾਂ ਗਵਾਈਆਂ
India-Australia Test Match : ਬਾਰਡਰ-ਗਾਵਸਕਰ ਟਰਾਫ਼ੀ ਦੇ ਪਹਿਲੇ ਟੈਸਟ ਮੈਚ ’ਚ ਭਾਰਤੀ ਟੀਮ ਨੇ ਆਸਟਰੇਲੀਆ ’ਤੇ ਸ਼ਿਕੰਜਾ ਕਸ ਦਿਤਾ ਹੈ। ਮੈਚ ਦੇ ਤੀਜੇ ਦਿਨ ਵਿਰਾਟ ਕੋਹਲੀ ਨੇ ਅਪਣੇ ਟੈਸਟ ਕਰੀਅਰ ਦਾ 30ਵਾਂ ਸੈਂਕੜਾ ਲਗਾਇਆ ਹੈ। ਵਿਰਾਟ ਨੇ ਆਸਟਰੇਲੀਆ ਵਿਰੁਧ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ ਦੀ ਦੂਜੀ ਪਾਰੀ ’ਚ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਸੱਭ ਤੋਂ ਜ਼ਿਆਦਾ ਟੈਸਟ ਸੈਂਕੜਿਆਂ ਦੇ ਮਾਮਲੇ ’ਚ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡੌਨ ਬ੍ਰੈਡਮੈਨ (29 ਸੈਂਕੜੇ) ਨੂੰ ਪਛਾੜ ਦਿਤਾ ਹੈ।
ਕੋਹਲੀ ਅਤੇ ਯਸ਼ਸਵੀ ਜੈਸਵਾਲ (161 ਦੌੜਾਂ) ਦੇ ਸੈਂਕੜੇ ਦੇ ਆਧਾਰ ’ਤੇ ਭਾਰਤ ਨੇ 487/6 ’ਤੇ ਅਪਣੀ ਪਾਰੀ ਐਲਾਨ ਦਿਤੀ। ਇਸ ਨਾਲ ਆਸਟਰੇਲੀਆ ਨੂੰ 534 ਦੌੜਾਂ ਦਾ ਟੀਚਾ ਮਿਲਿਆ। ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਸਟੰਪ ਹੋਣ ਤਕ 12 ਦੌੜਾਂ ’ਤੇ 3 ਵਿਕਟਾਂ ਗੁਆ ਲਈਆਂ ਹਨ। ਉਸਮਾਨ ਖ਼ਵਾਜਾ 3 ਦੌੜਾਂ ਬਣਾ ਕੇ ਨਾਬਾਦ ਹਨ, ਜਦਕਿ ਮਾਰਨਸ ਲੈਬੁਸ਼ਗਨ 3, ਕਪਤਾਨ ਪੈਟ ਕਮਿੰਸ 2 ਅਤੇ ਨਾਥਨ ਮੈਕਸਵੀਨੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ ਹਨ। ਜਸਪ੍ਰੀਤ ਬੁਮਰਾਹ ਨੇ 2 ਅਤੇ ਮੁਹੰਮਦ ਸਿਰਾਜ ਨੇ ਇਕ ਵਿਕਟ ਲਈ।
ਭਾਰਤੀ ਪਾਰੀ ਵਿਚ ਜੈਸਵਾਲ-ਕੋਹਲੀ ਤੋਂ ਇਲਾਵਾ ਨਿਤੀਸ਼ ਰੈੱਡੀ 38 ਦੌੜਾਂ ਬਣਾ ਕੇ ਨਾਬਾਦ ਪਰਤੇ। ਵਾਸ਼ਿੰਗਟਨ ਸੁੰਦਰ ਨੇ 29 ਦੌੜਾਂ, ਦੇਵਦੱਤ ਪਡਿਕਲ ਨੇ 25 ਦੌੜਾਂ ਅਤੇ ਕੇਐਲ ਰਾਹੁਲ ਨੇ 77 ਦੌੜਾਂ ਬਣਾਈਆਂ। ਨਾਥਨ ਲਿਓਨ ਨੇ 2 ਵਿਕਟਾਂ ਹਾਸਲ ਕੀਤੀਆਂ। ਟੀਮ ਇੰਡੀਆ ਨੇ ਸਵੇਰੇ 172 ਦੌੜਾਂ ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਜੈਸਵਾਲ ਨੇ 90 ਅਤੇ ਕੇਐਲ ਰਾਹੁਲ ਨੇ 62 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਪਹਿਲੀ ਪਾਰੀ ’ਚ 104 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਤੋਂ ਬਾਅਦ 46 ਦੌੜਾਂ ਦੀ ਬੜ੍ਹਤ ਮਿਲ ਗਈ। ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ 150 ਦੌੜਾਂ ਬਣਾਈਆਂ ਸਨ। ਡਰਿੰਕਸ ਬਰੇਕ ਤਕ ਭਾਵੇਂ ਭਾਰਤ ਦੀ ਪਾਰੀ ਸੁਸਤ ਚੱਲ ਰਹੀ ਪਰ ਜਿਵੇਂ ਹੀ ਸੁੰਦਰ ਆਊਟ ਹੋਇਆ ਤੇ ਮੈਦਾਨ ’ਚ ਰੈਡੀ ਆਇਆ ਤਾਂ ਚੌਕਿਆਂ-ਛਿੱਕਿਆਂ ਦੀ ਬਰਸਾਤ ਸ਼ੁਰੂ ਹੋ ਗਈ। ਰੈਡੀ ਦੇ ਨਾਲ ਕੋਹਲੀ ਨੇ ਵੀ ਵੱਡੇ ਸ਼ਾਟ ਲਾਉਣੇ ਸ਼ੁਰੂ ਕਰ ਦਿਤੇੇ। ਇਸ ਤਰ੍ਹਾਂ ਦੇਖਦੇ ਹੀ ਕੋਹਲੀ ਨੇ ਸੈਂਕੜਾ ਬਣਾ ਲਿਆ। (ਏਜੰਸੀ)
(For more news apart from India-Australia Test Match : India gave Australia a target of 534 runs News in punjabi News in Punjabi, stay tuned to Rozana Spokesman)