9ਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ
ਸੁਕਮਾ : ਛੱਤੀਸਗੜ੍ਹ ਦੇ ਛਿੰਦਗੜ੍ਹ ਬਲਾਕ ਹੈੱਡਕੁਆਰਟਰ ਦੇ ਖੇਡ ਮੈਦਾਨ ਤੋਂ ਐਤਵਾਰ ਸਵੇਰੇ ਦੁਖਦਾਈ ਖ਼ਬਰ ਆਈ, ਜਿੱਥੇ 14 ਸਾਲਾ ਫ਼ੁੱਟਬਾਲ ਖਿਡਾਰੀ ਮੁਹੰਮਦ ਫ਼ੈਜ਼ਲ ਨਿਖਿਲ ਦੀ ਅਚਾਨਕ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿਤਾ। ਹਮੇਸ਼ਾ ਵਾਂਗ ਉਹ ਫ਼ੁੱਟਬਾਲ ਅਭਿਆਸ ਲਈ ਮੈਦਾਨ ਵਿਚ ਪਹੁੰਚਿਆ ਪਰ ਜਿਵੇਂ ਹੀ ਉਹ ਵਾਰਮ-ਅੱਪ ਕਰਨ ਲੱਗਾ, ਉਹ ਅਚਾਨਕ ਡਿੱਗ ਪਿਆ।
ਸਾਥੀ ਖਿਡਾਰੀਆਂ ਨੇ ਤੁਰਤ ਉਸ ਨੂੰ ਚੁਕਿਆ ਅਤੇ ਛਿੰਦਗੜ੍ਹ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮੈਡੀਕਲ ਟੀਮ ਨੂੰ ਸ਼ੁਰੂ ਵਿਚ ਦਿਲ ਦਾ ਦੌਰਾ ਪੈਣ ਦਾ ਸ਼ੱਕ ਸੀ, ਹਾਲਾਂਕਿ ਆਖ਼ਰੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ।
ਫ਼ੈਜ਼ਲ ਛਿੰਦਗੜ੍ਹ ਦੇ ਆਤਮਾਨੰਦ ਸਕੂਲ ਵਿਚ 9ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਅਪਣੀ ਐਥਲੈਟਿਕ ਪ੍ਰਤਿਭਾ ਲਈ ਜਾਣਿਆ ਜਾਂਦਾ ਸੀ। ਉਸ ਨੇ ਹਾਲ ਹੀ ਵਿਚ ਬਸਤਰ ਉਲੰਪਿਕ ਵਿਚ ਤਮਗ਼ਾ ਜਿੱਤ ਕੇ ਅਪਣੇ ਸਕੂਲ ਅਤੇ ਪਰਿਵਾਰ ਦਾ ਸਨਮਾਨ ਵਧਾਇਆ ਸੀ। (ਏਜੰਸੀ)
