
ਭੋਪਾਲ ਵਿਖੇ ਹੋ ਰਹੀ ਹੈ ਇਹ ਚੈਂਪੀਅਨਸ਼ਿਪ
ਭੋਪਾਲ - ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ, ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਅਤੇ 2019 ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਮੰਜੂ ਰਾਣੀ ਨੇ ਇੱਥੇ 6ਵੀਂ ਨੈਸ਼ਨਲ ਇਲੀਟ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣੇ-ਆਪਣੇ ਭਾਰ ਵਰਗ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਸੈਮੀਫ਼ਾਈਨਲ ਵਿੱਚ ਥਾਂ ਬਣਾਈ।
ਅਸਾਮ ਦੀ ਨੁਮਾਇੰਦਗੀ ਕਰ ਰਹੀ ਲਵਲੀਨਾ ਨੇ 75 ਕਿੱਲੋਗ੍ਰਾਮ ਵਰਗ ਦੇ ਕੁਆਰਟਰ ਫ਼ਾਈਨਲ ਮੁਕਾਬਲੇ ਵਿੱਚ ਆਰ.ਐਸ.ਪੀ.ਬੀ. ਦੀ ਮੀਨਾ ਰਾਣੀ ਨੂੰ 5-0 ਨਾਲ ਹਰਾਇਆ। ਹੁਣ ਸੈਮੀਫ਼ਾਈਨਲ 'ਚ ਉਸ ਦਾ ਸਾਹਮਣਾ ਮੱਧ ਪ੍ਰਦੇਸ਼ ਦੀ ਜਿਗਿਆਸਾ ਰਾਜਪੂਤ ਨਾਲ ਹੋਵੇਗਾ।
ਨਿਕਹਤ ਨੂੰ 50 ਕਿੱਲੋਗ੍ਰਾਮ ਦੇ ਕੁਆਰਟਰ ਫ਼ਾਈਨਲ ਵਿੱਚ ਗੋਆ ਦੀ ਤਨਿਸ਼ਕਾ ਚਵਾਰ ਖ਼ਿਲਾਫ਼ ਕੋਈ ਮੁਸ਼ਕਿਲ ਨਹੀਂ ਆਈ ਅਤੇ ਦੂਜੇ ਦੌਰ ਵਿੱਚ ਆਰ.ਐਸ.ਸੀ. ਨਾਲ ਜਿੱਤ ਦਰਜ ਕੀਤੀ।
ਹੁਣ ਨਿਕਹਤ ਦਾ ਮੁਕਾਬਲਾ ਆਲ ਇੰਡੀਆ ਪੁਲਿਸ ਦੀ ਸ਼ਵਿੰਦਰ ਕੌਰ ਸਿੱਧੂ ਨਾਲ ਹੋਵੇਗਾ।
48 ਕਿੱਲੋ ਵਰਗ ਦੇ ਕੁਆਰਟਰ ਫ਼ਾਈਨਲ ਵਿੱਚ ਆਰ.ਐਸ.ਪੀ.ਬੀ. ਦੀ ਮੰਜੂ ਰਾਣੀ ਨੇ ਚੰਡੀਗੜ੍ਹ ਦੀ ਸਿਮਰਨ ਨੂੰ 5-0 ਦੇ ਸਰਬਸੰਮਤ ਫ਼ੈਸਲੇ 'ਚ ਹਰਾਇਆ। ਹੁਣ ਉਸ ਦਾ ਸਾਹਮਣਾ ਮੱਧ ਪ੍ਰਦੇਸ਼ ਦੀ ਅੰਜਲੀ ਸ਼ਰਮਾ ਨਾਲ ਹੋਵੇਗਾ।
ਆਰ.ਐਸ.ਪੀ.ਬੀ. ਦੀ ਨੁਮਾਇੰਦਗੀ ਕਰਨ ਵਾਲੀ ਜੋਤੀ (52 ਕਿੱਲੋਗ੍ਰਾਮ) ਅਤੇ ਸ਼ਸ਼ੀ ਚੋਪੜਾ (63 ਕਿੱਲੋਗ੍ਰਾਮ) ਨੇ ਵੀ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਦੂਜੇ ਪਾਸੇ 2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਕੌਰ ਨੇ 60 ਕਿੱਲੋ ਭਾਰ ਵਰਗ ਵਿੱਚ ਆਸਾਮ ਦੀ ਬਾਰਬੀ ਗੋਗੋਈ ਨੂੰ ਆਰ.ਐਸ.ਸੀ. ਨਾਲ ਹਰਾਇਆ।