
ਭਾਰਤੀ ਕ੍ਰਿਕਟ ਟੀਮ ਵਿਰੁਧ 27 ਜੂਨ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੀ20 ਲੜੀ ਲਈ ਆਇਰਲੈਂਡ ਦੀ ਟੀਮ ਨੇ ਅਪਣੀ ਟੀਮ ਦਾ ਐਲਾਨ ਕਰ ਦਿਤਾ ਹੈ। ਆਇਰਲੈਂਡ....
ਨਵੀਂ ਦਿੱਲੀ, ਭਾਰਤੀ ਕ੍ਰਿਕਟ ਟੀਮ ਵਿਰੁਧ 27 ਜੂਨ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੀ20 ਲੜੀ ਲਈ ਆਇਰਲੈਂਡ ਦੀ ਟੀਮ ਨੇ ਅਪਣੀ ਟੀਮ ਦਾ ਐਲਾਨ ਕਰ ਦਿਤਾ ਹੈ। ਆਇਰਲੈਂਡ ਦੀ ਟੀਮ 'ਚ ਇਕ ਅਜਿਹੇ ਕ੍ਰਿਕਟਰ ਨੂੰ ਵੀ ਜਗ੍ਹਾ ਮਿਲੀ ਹੈ, ਜੋ ਕਦੇ ਭਾਰਤੀ ਟੀਮ 'ਚ ਖੇਡਣ ਦਾ ਸੁਪਨਾ ਦੇਖਣਾ ਸੀ ਪਰ ਹੁਣ ਉਹ ਭਾਰਤੀ ਟੀਮ ਵਿਰੁਧ ਆਇਰਲੈਂਡ ਵਲੋਂ ਅਪਣੇ ਜੌਹਰ ਦਿਖਾਉਣ ਲਈ ਤਿਆਰ ਹੈ।
ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਬਠਲਾਣਾ ਪਿੰਡ 'ਚ ਜਨਮੇ ਸਿੰਮੀ ਸਿੰਘ ਦੀ, ਜੋ ਪੰਜਾਬ ਦੀ ਅੰਡਰ-14, ਅੰਡਰ-17 ਅਤੇ ਅੰਡਰ-19 ਟੀਮ ਲਈ ਖੇਡੇ ਹਨ ਪਰ ਉਸ ਤੋਂ ਬਾਅਦ ਸਿੰਮੀ ਨੂੰ ਮੌਕਾ ਨਹੀਂ ਮਿਲਿਆ ਅਤੇ ਉਹ ਆਇਰਲੈਂਡ ਜਾ ਵਸਿਆ।31 ਸਾਲਾ ਸਿੰਮੀ ਸਿੰਘ 2006 'ਚ ਆਇਰਲੈਂਡ ਵਸ ਗਿਆ ਸੀ। ਜ਼ਿਕਰਯੋਗ ਹੈ ਕਿ ਸਿੰਮੀ ਸਿੰਘ ਯੁਜਵੇਂਦਰ ਚਹਿਲ, ਸਿਧਾਰਥ ਕੌਲ, ਮਨਪ੍ਰੀਤ ਗੋਨੀ, ਗੁਰਕੀਰਤ ਸਿੰਘ ਵਰਗੇ ਕ੍ਰਿਕਟਰਾਂ ਨਾਲ ਮੈਦਾਨ 'ਤੇ ਉਤਰ ਚੁਕਾ ਹੈ।
ਸਿੰਮੀ ਸਿੰਘ ਭਾਰਤੀ ਟੀਮ ਲਈ ਖੇਡਣਾ ਚਾਹੁੰਦਾ ਸੀ ਪਰ ਹੁਣ ਉਸ ਨੂੰ ਉਨ੍ਹਾਂ ਦੇ ਵਿਰੁਧ ਖੇਡਦਿਆਂ ਦੇਖਿਆ ਜਾਵੇਗਾ। ਸਿੰਮੀ ਸਿੰਘ ਜਦੋਂ ਪੰਜਾਬ ਲਈ ਖੇਡਦਾ ਸੀ ਤਾਂ ਉਹ ਇਕ ਬੱਲੇਬਾਜ਼ ਸੀ ਪਰ ਆਇਰਲੈਂਡ 'ਚ ਉਸ ਨੇ ਅਪਣੀ ਸਪਿਨ ਗੇਂਦਬਾਜ਼ੀ 'ਤੇ ਧਿਆਨ ਦਿਤਾ ਅਤੇ ਉਹ ਇਕ ਆਲਰਾਊਂਡਰ ਦੇ ਤੌਰ 'ਤੇ ਟੀਮ 'ਚ ਸ਼ਾਮਲ ਹੋਇਆ। (ਏਜੰਸੀ)