
19 ਸਾਲਾ ਭਾਰਤੀ ਮਹਿਲਾ ਹਾਕੀ ਟੀਮ ਦੀ ਪ੍ਰਮੁੱਖ ਖਿਡਾਰਨ ਲਾਲਰੇਮਸਿਆਮੀ ਨੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ।
ਨਵੀਂ ਦਿੱਲੀ: 19 ਸਾਲਾ ਭਾਰਤੀ ਮਹਿਲਾ ਹਾਕੀ ਟੀਮ ਦੀ ਪ੍ਰਮੁੱਖ ਖਿਡਾਰਨ ਲਾਲਰੇਮਸਿਆਮੀ ਨੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ। ਲਾਲਰੇਮਸਿਆਮੀ ਨੇ ਬੜੀ ਹੀ ਬਹਾਦਰੀ ਨਾਲ ਇਸ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਉਸ ਦੀ ਮਿਹਨਤ ਅਤੇ ਲਗਨ ਸਦਕਾ ਭਾਰਤੀ ਮਹਿਲਾ ਹਾਕੀ ਟੀਮ ਨੇ ਇਹ ਟੂਰਨਾਮੈਂਟ ਜਿੱਤ ਲਿਆ।
Lalremsiami
ਜਦੋਂ ਭਾਰਤੀ ਮਹਿਲਾ ਹਾਕੀ ਟੀਮ ਹਿਰੋਸ਼ਿਮਾ ਵਿਚ ਚਿੱਲੀ ਵਿਰੁੱਧ ਹੋਣ ਜਾ ਰਹੇ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ ਤਾਂ ਉਸ ਸਮੇਂ ਭਾਰਤੀ ਮਹਿਲਾ ਟੀਮ ਦੀ ਇਸ ਫਾਰਵਰਡ ਸਟ੍ਰਾਈਕਰ ਨੂੰ ਅਪਣੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੀ ਖ਼ਬਰ ਮਿਲੀ। ਦੁੱਖ ਭਰੀ ਇਹ ਖ਼ਬਰ ਮਿਲਣ ਤੋਂ ਬਾਅਦ ਲਾਲਰੇਮਸਿਆਮੀ ਸਾਹਮਣੇ ਦੋ ਰਾਸਤੇ ਸਨ, ਇਕ ਅਪਣੇ ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਾ ਅਤੇ ਦੂਜਾ ਚਿੱਲੀ ਵਿਰੁੱਧ ਮੈਚ ਜਿੱਤ ਕੇ ਫਾਈਨਲ ਵਿਚ ਥਾਂ ਬਣਾਉਣੀ।
Lalremsiami
ਉਹ ਜਾਣਦੀ ਦੀ ਕਿ ਇਹ ਮੈਚ ਜਿੱਤਣ ਨਾਲ ਹੀ ਭਾਰਤ ਦਾ ਓਲੰਪਿਕਸ ਵਿਚ ਖੇਡਣ ਦਾ ਸੁਪਨਾ ਪੂਰਾ ਹੋ ਸਕਦਾ ਹੈ। ਇਸ ਦੇ ਚਲਦਿਆਂ ਟੀਮ ਦੀ ਪ੍ਰਮੁੱਖ ਖਿਡਾਰੀ ਹੋਣ ਦੇ ਨਾਤੇ ਉਹ ਦੁਚਿੱਤੀ ਵਿਚ ਸੀ। ਉਸ ਦੀ ਇਕ ਸਾਥੀ ਖਿਡਾਰਨ ਨੇ ਉਸ ਨੂੰ ਮੈਚ ਛੱਡ ਕੇ ਪਹਿਲੀ ਫਲਾਈਟ ਫੜ ਕੇ ਭਾਰਤ ਆਉਣ ਦੀ ਸਲਾਹ ਦਿੱਤੀ ਪਰ ਦੇਸ਼ ਦੀ ਇਸ ਧੀ ਨੇ ਅਪਣੇ ਪਿਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਦੀ ਬਜਾਏ ਦੇਸ਼ ਨੂੰ ਪਹਿਲ ਦਿੱਤੀ ਅਤੇ ਚਿੱਲੀ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਅਪਣੀ ਟੀਮ ਦਾ ਪੂਰਾ ਸਾਥ ਦਿੱਤਾ। ਉਸ ਨੇ ਕਿਹਾ ਕਿ ਉਹ ਇਹ ਮੈਚ ਜਿੱਤ ਕੇ ਅਪਣੇ ਪਿਤਾ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਭਾਰਤੀ ਟੀਮ ਨੇ ਚਿੱਲੀ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਅਤੇ ਫਿਰ ਫਾਈਨਲ ਵਿਚ ਜਪਾਨ ਨੂੰ ਹਰਾ ਕੇ ਐਫਆਈਐਚ ਵੂਮੈਨ ਸੀਰੀਜ਼ ਫਈਨਲਜ਼ ਦਾ ਖ਼ਿਤਾਬ ਜਿੱਤ ਲਿਆ। ਉਹਨਾਂ ਦੇ ਕੋਚ ਨੇ ਪ੍ਰੈੱਸ ਨੂੰ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਇਸ ਘਾਟੇ ਦਾ ਸਾਹਮਣਾ ਕਰਨਾ ਅਸਾਨ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਲਾਲਰੇਮਸਿਆਮੀ ਨੇ ਬਹੁਤ ਹੌਂਸਲਾ ਦਿਖਾਇਆ। ਉਹਨਾਂ ਨੇ ਇਹ ਜਿੱਤ ਲਾਲਰੇਮਸਿਆਮੀ ਦੇ ਪਿਤਾ ਨੂੰ ਸਮਰਪਿਤ ਕੀਤੀ। ਇਹ ਜਿੱਤ ਭਾਰਤੀ ਹਾਕੀ ਨੂੰ ਲਾਲਰੇਮਸਿਆਮੀ ਦੀ ਮਹਾਨ ਦੇਣ ਹੈ। ਲਾਲਰੇਮਸਿਆਮੀ ਦੀ ਇਹ ਜਿੱਤ ਦੁਨੀਆ ਭਰ ਲਈ ਮਿਸਾਲ ਹੈ।