
ਕਿਹਾ- ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ 'ਤੇ ਸਿੱਖ ਪੰਥ ਦੇ ਨਾਮ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਸਿਧਾਂਤ ਅਤੇ ਇਸ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਸੰਸਥਾ ਦੇ ਸੰਸਥਾਪਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਆਲਮੀ ਪੱਧਰ 'ਤੇ ਬੰਦੀ ਛੋੜ ਦਿਵਸ ਮਨਾ ਰਹੇ ਸਿੱਖ ਪੰਥ ਨੂੰ ਵਧਾਈਆਂ ਦਿੰਦਾ ਹਾਂ। ਅਜਿਹੇ ਜੋੜ-ਮੇਲ, ਸਾਨੂੰ ਆਪਣਾ ਆਤਮ ਚਿੰਤਨ ਕਰਨ ਅਤੇ ਅਗਲੇਰੇ ਪੰਥਕ ਸਫ਼ਰ ਲਈ ਦਰਪੇਸ਼ ਔਕੜਾਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੌਕੇ ਹੁੰਦੇ ਹਨ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਦੇ ਵਾਰਸਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਹਨ ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ਵਿਚ ਘੱਟ ਰਹੀ ਸਿੱਖ ਅਬਾਦੀ ਅਤੇ ਸਿੱਖ ਨੌਜਵਾਨਾਂ ਦੇ ਪ੍ਰਵਾਸ ਦਾ ਰੁਝਾਨ ਆਉਣ ਵਾਲੇ ਸਮੇਂ ਅੰਦਰ ਆਉਣ ਵਾਲੇ ਸੰਕਟ ਪ੍ਰਤੀ ਸੰਕੇਤ ਹੈ। ਪੰਜਾਬ ਦੀ ਧਰਤੀ 'ਤੇ ਕੁਝ ਅਖੌਤੀ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ-ਭਾਲੇ ਸਿੱਖਾਂ ਦਾ ਸਰੀਰਕ, ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਦਿਆਂ, ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਤੇ ਇਸ ਮਸਲੇ 'ਤੇ ਸਰਕਾਰ ਦੀ ਖਾਮੋਸ਼ੀ, ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।
ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਅਤੇ ਅਸੀਂ ਦੇਸ਼/ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ 'ਤੇ ਕਾਬਜ ਹੋਣ ਲਈ ਲੜਾਈਆਂ ਲੜ ਰਹੇ ਹਾਂ। ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫਰਤ ਪੈਦਾ ਕਰ ਰਹੀਆਂ ਹਨ। ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ, ਖਾਸ ਤੌਰ 'ਤੇ ਪ੍ਰਵਾਸੀ ਸਿੱਖ, ਭਾਰਤ ਸਰਕਾਰ ਦੇ ਬੰਦ ਕੰਨ ਖੋਲ੍ਹਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਯਤਨ ਕਰਨ।
ਉਨ੍ਹਾਂ ਨੇ ਕਿਹਾ ਕਿ ਸਿੱਖ ਬੱਚਿਆਂ ਵਿਚ ਪੜ੍ਹਨ ਦੀ ਘਟਦੀ ਰੂਚੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪੰਥਕ ਸੰਸਥਾਵਾਂ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਤਾਂ ਜੋ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਦੇਸ਼/ਵਿਦੇਸ਼ ਅੰਦਰ ਪ੍ਰਸਾਸ਼ਨ, ਫੌਜ, ਸੁਰੱਖਿਆ ਸੈਨਾਵਾਂ, ਵਿਦੇਸ਼ ਸੇਵਾਵਾਂ ਤੇ ਹੋਰ ਉੱਚ ਨੌਕਰੀਆਂ ਵਿਚ ਸ਼ਾਮਲ ਹੋ ਕੇ ਕੌਮ ਦਾ ਮਾਣ ਬਣਨ।
ਲੋੜਵੰਦ ਬੱਚੇ ਬੱਚੀਆਂ ਨੂੰ ਉੱਚ ਵਿਦਿਆ ਲਈ ਹਰ ਹੀਲੇ ਪੰਥਕ ਜ਼ਿੰਮੇਵਾਰੀ ਜਾਣ ਕੇ ਸਹਾਇਤਾ ਦੇਣ ਦੀ ਲੋੜ ਹੈ ਜਿਹੜੇ ਕੇਵਲ ਪੈਸੇ ਦੀ ਘਾਟ ਕਰਕੇ, ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਪੜ੍ਹੇ ਲਿਖੇ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਅਤੇ ਹੋਰ ਵਪਾਰਕ, ਪ੍ਰਬੰਧਕ ਖੇਤਰ ਵਿਚ ਵੀ ਸੇਧ ਦੇਣ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ।