
ਭੁਵਨੇਸ਼ਵਰ ਨੂੰ ਮਿਲੀ ਚੰਗੀ ਕੀਮਤ, ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸੋਮਵਾਰ ਨੂੰ ਨਿਲਾਮੀ ਦੇ ਦੂਜੇ ਦਿਨ 10.75 ਕਰੋੜ ਰੁਪਏ ’ਚ ਖਰੀਦਿਆ
ਜੇਦਾ : ਬਿਹਾਰ ਦੇ 13 ਸਾਲ ਦੇ ਵੈਭਵ ਸੂਰਿਆਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਕਿਸੇ ਵੀ ਟੀਮ ਵਲੋਂ ਖਰੀਦੇ ਗਏ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ, ਜਦਕਿ ਦੋ ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਰਹੇ ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸੋਮਵਾਰ ਨੂੰ ਨਿਲਾਮੀ ਦੇ ਦੂਜੇ ਦਿਨ 10.75 ਕਰੋੜ ਰੁਪਏ ’ਚ ਖਰੀਦਿਆ।
ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ 1.10 ਕਰੋੜ ਰੁਪਏ ’ਚ ਖਰੀਦਿਆ। ਸਨਿਚਰਵਾਰ ਨੂੰ ਰਾਜਸਥਾਨ ਵਿਰੁਧ ਸਈਦ ਮੁਸ਼ਤਾਕ ਅਲੀ ਟਰਾਫੀ ’ਚ ਬਿਹਾਰ ਲਈ ਟੀ-20 ’ਚ ਡੈਬਿਊ ਕਰਨ ਵਾਲੇ ਸੂਰਿਆਵੰਸ਼ੀ ਨੇ 6 ਗੇਂਦਾਂ ’ਚ 13 ਦੌੜਾਂ ਬਣਾਈਆਂ ਸਨ। ਉਹ ਦੀਪਕ ਚਾਹਰ ਦੀ ਗੇਂਦ ’ਤੇ ਆਊਟ ਹੋ ਗਿਆ ਸੀ।
ਸੂਰਿਆਵੰਸ਼ੀ ਨੇ ਹਾਲ ਹੀ ’ਚ ਚੇਨਈ ’ਚ ਆਸਟਰੇਲੀਆ ਅੰਡਰ-19 ਟੀਮ ਵਿਰੁਧ ਭਾਰਤ ਦੀ ਅੰਡਰ-19 ਟੀਮ ਲਈ ਯੂਥ ਟੈਸਟ ’ਚ ਸੈਂਕੜਾ ਬਣਾਇਆ ਸੀ ਅਤੇ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਗਿਆ ਸੀ। ਸੂਰਿਆਵੰਸ਼ੀ ਨੇ ਉਸ ਮੈਚ ’ਚ 62 ਗੇਂਦਾਂ ’ਚ 104 ਦੌੜਾਂ ਬਣਾਈਆਂ ਸਨ।
ਅਜਿੰਕਿਆ ਰਹਾਣੇ ਨੂੰ ਪਹਿਲਾਂ ਕੋਈ ਖਰੀਦਦਾਰ ਨਹੀਂ ਮਿਲਿਆ ਸੀ ਪਰ ਨਿਲਾਮੀ ’ਚ ਵਾਪਸੀ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ ਡੇਢ ਕਰੋੜ ਰੁਪਏ ’ਚ ਖਰੀਦਿਆ। ਉਥੇ ਹੀ ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਕੇਨ ਵਿਲੀਅਮਸਨ, ਮੁੰਬਈ ਦੇ ਸ਼ਾਰਦੁਲ ਠਾਕੁਰ ਅਤੇ ਪ੍ਰਿਥਵੀ ਸ਼ਾਅ ਨੂੰ ਵੀ ਖਰੀਦਦਾਰ ਨਹੀਂ ਮਿਲੇ।
ਅਗਲੇ ਆਈ.ਪੀ.ਐਲ. ਸੀਜ਼ਨ ਤੋਂ ਪਹਿਲਾਂ 35 ਸਾਲ ਦੇ ਹੋਣ ਵਾਲੇ ਭੁਵਨੇਸ਼ਵਰ ਨੇ 287 ਟੀ-20 ਮੈਚਾਂ ’ਚ 300 ਵਿਕਟਾਂ ਲਈਆਂ ਹਨ। ਉਸ ਨੇ ਭਾਰਤ ਲਈ ਆਖਰੀ ਵਾਰ ਨਵੰਬਰ 2022 ’ਚ ਨਿਊਜ਼ੀਲੈਂਡ ਵਿਰੁਧ ਖੇਡਿਆ ਸੀ।
ਪਰ ਨਿਲਾਮੀ ਦਾ ਸਮੀਕਰਨ ਅਜਿਹਾ ਹੈ ਕਿ ਹਰ ਟੀਮ ਨੂੰ ਘੱਟੋ-ਘੱਟ ਤਿੰਨ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਜ਼ਰੂਰਤ ਹੈ ਅਤੇ ਪੂਲ ਇੰਨਾ ਵੱਡਾ ਨਹੀਂ ਹੈ। ਇਸ ਦੇ ਨਤੀਜੇ ਵਜੋਂ ਭੁਵਨੇਸ਼ਵਰ, ਸੱਟਾਂ ਨਾਲ ਪ੍ਰਭਾਵਤ ਦੀਪਕ ਚਾਹਰ (ਮੁੰਬਈ ਇੰਡੀਅਨਜ਼ ਲਈ 9.25 ਕਰੋੜ ਰੁਪਏ), ਟੈਸਟ ਰਿਜ਼ਰਵ ਮੁਕੇਸ਼ ਕੁਮਾਰ (ਦਿੱਲੀ ਕੈਪੀਟਲਜ਼ ਵਲੋਂ ਆਰ.ਟੀ.ਐਮ. ਲਈ 8 ਕਰੋੜ ਰੁਪਏ) ਨੂੰ ਚੰਗੀ ਕੀਮਤ ਮਿਲੀ।
ਚਾਹਰ ਨੇ ਕਿਹਾ, ‘‘ਪਿਛਲੇ ਆਈ.ਪੀ.ਐਲ. ਸੀਜ਼ਨ ਤੋਂ ਬਾਅਦ ਮੈਂ ਅਭਿਆਸ ਲਈ ਇੰਗਲੈਂਡ ਗਿਆ ਸੀ। ਮੈਂ ਉੱਥੇ ਵੱਡੇ ਫੁੱਟਬਾਲ ਕਲੱਬਾਂ ਨਾਲ ਸਿਖਲਾਈ ਲਈ। ਇਸ ਤੋਂ ਬਾਅਦ ਉਸ ਨੇ ਪੰਜ ਰਣਜੀ ਮੈਚਾਂ ’ਚ 150 ਓਵਰ ਸੁੱਟੇ। ਹੁਣ ਮੈਂ ਸਈਦ ਮੁਸ਼ਤਾਕ ਅਲੀ ਟਰਾਫੀ ਖੇਡ ਰਿਹਾ ਹਾਂ ਯਾਨੀ ਮੈਂ ਲਗਾਤਾਰ ਛੇ ਮਹੀਨਿਆਂ ਤੋਂ ਕ੍ਰਿਕਟ ਖੇਡ ਰਿਹਾ ਹਾਂ। ਮੈਨੂੰ ਭਰੋਸਾ ਹੈ ਕਿ ਮੌਕਾ ਮਿਲਣ ’ਤੇ ਮੈਂ ਸਾਰੇ 14 ਮੈਚਾਂ ’ਚ 100 ਫੀ ਸਦੀ ਦੇ ਸਕਾਂਗਾ।’’
ਆਕਾਸ਼ ਦੀਪ ਨੂੰ ਲਖਨਊ ਸੁਪਰ ਜਾਇੰਟਸ ਨੇ 8 ਕਰੋੜ ਰੁਪਏ ’ਚ ਖਰੀਦਿਆ। ਚਾਹਰ ਅਤੇ ਭੁਵਨੇਸ਼ਵਰ ਦੋਵੇਂ ਪਾਵਰਪਲੇਅ ਵਿਚ ਗੇਂਦ ਨੂੰ ਸਵਿੰਗ ਕਰਦੇ ਹਨ। ਇਸ ਦੇ ਨਾਲ ਹੀ ਮੁਕੇਸ਼ ਡੈਥ ਓਵਰਾਂ ’ਚ ਚੰਗੀ ਯੌਰਕਰ ਗੇਂਦਬਾਜ਼ੀ ਲਈ ਮਸ਼ਹੂਰ ਹਨ।
ਸਪਿਨ ਗੇਂਦਬਾਜ਼ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਸੋਮਵਾਰ ਨੂੰ ਆਈ.ਪੀ.ਐਲ. ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਗੁਜਰਾਤ ਟਾਈਟਨਜ਼ ਨੇ 3.20 ਕਰੋੜ ਰੁਪਏ ’ਚ ਖਰੀਦਿਆ। ਤੁਸ਼ਾਰ ਦੇਸ਼ਪਾਂਡੇ ਨੂੰ ਰਾਜਸਥਾਨ ਰਾਇਲਜ਼ ਨੇ 2.5 ਕਰੋੜ ਰੁਪਏ ’ਚ ਖਰੀਦਿਆ।
ਦਖਣੀ ਅਫਰੀਕਾ ਦੇ ਦਿੱਗਜ ਫਾਫ ਡੂ ਪਲੇਸਿਸ ਅਤੇ ਵੈਸਟਇੰਡੀਜ਼ ਦੇ ਰੋਵਮੈਨ ਪਾਵੇਲ ਨੂੰ ਦਿੱਲੀ ਕੈਪੀਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਕ੍ਰਮਵਾਰ 2 ਕਰੋੜ ਅਤੇ 1.50 ਕਰੋੜ ਰੁਪਏ ’ਚ ਖਰੀਦਿਆ। ਦਖਣੀ ਅਫਰੀਕਾ ਦੇ ਮਾਰਕੋ ਜੈਨਸਨ ਨੂੰ ਪੰਜਾਬ ਕਿੰਗਜ਼ ਨੇ 7 ਕਰੋੜ ਰੁਪਏ ’ਚ ਖਰੀਦਿਆ।
ਇੰਗਲੈਂਡ ਦੇ ਸੈਮ ਕੁਰਨ ਨੂੰ ਚੇਨਈ ਸੁਪਰ ਕਿੰਗਜ਼ ਨੇ 2.4 ਕਰੋੜ ਰੁਪਏ ’ਚ ਖਰੀਦਿਆ। ਹਾਰਦਿਕ ਪਾਂਡਿਆ ਦੇ ਭਰਾ ਕਰੁਣਾਲ ਪਾਂਡਿਆ ਨੂੰ ਆਰਸੀਬੀ ਨੇ 5.75 ਕਰੋੜ ਰੁਪਏ ’ਚ ਖਰੀਦਿਆ। ਨਿਤੀਸ਼ ਰਾਣਾ ਨੂੰ ਰਾਜਸਥਾਨ ਰਾਇਲਜ਼ ਨੇ 4.20 ਕਰੋੜ ਰੁਪਏ ’ਚ ਖਰੀਦਿਆ।
ਇਸ ਤੋਂ ਪਹਿਲਾਂ ਨਾ ਵਿਕੇ ਦੇਵਦੱਤ ਪਡਿਕਲ ਨੂੰ ਆਰਸੀਬੀ ਨੇ 2 ਕਰੋੜ ਰੁਪਏ, ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਗੁਜਰਾਤ ਟਾਈਟਨਜ਼ ਨੇ 2 ਕਰੋੜ ਰੁਪਏ, ਮੋਇਨ ਅਲੀ ਅਤੇ ਉਮਰਨ ਮਲਿਕ ਨੂੰ ਕੇਕੇਆਰ ਨੇ ਕ੍ਰਮਵਾਰ 2 ਕਰੋੜ ਰੁਪਏ ਅਤੇ 75 ਲੱਖ ਰੁਪਏ ’ਚ ਖਰੀਦਿਆ ਸੀ।