ਭਾਰਤ-ਪਾਕਿਸਤਾਨ ਇਕ ਹੀ ਗਰੁੱਪ ਵਿਚ, 15 ਫ਼ਰਵਰੀ ਨੂੰ ਕੋਲੰਬੋ ’ਚ ਭਿੜਨਗੇ ਇਕ-ਦੂਜੇ ਨਾਲ
ਮੁੰਬਈ: 2026 ਦੇ ਪੁਰਸ਼ ਟੀ-20 ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ। ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ ਏ ਵਿਚ ਸ਼ਾਮਲ ਕੀਤਾ ਗਿਆ ਹੈ। ਪ੍ਰੋਗਰਾਮ ਅਨੁਸਾਰ 15 ਫ਼ਰਵਰੀ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਲਈ ਬੀ.ਸੀ.ਸੀ.ਆਈ. ਅਤੇ ਪੀਸੀਬੀ ਵਿਚਾਲੇ ਹੋਏ ਸਮਝੌਤੇ ਅਨੁਸਾਰ ਪਾਕਿਸਤਾਨ ਅਪਣੇ ਸਾਰੇ ਮੈਚ ਸ਼੍ਰੀਲੰਕਾ ਵਿਚ ਖੇਡੇਗਾ।
ਮੌਜੂਦਾ ਚੈਂਪੀਅਨ ਭਾਰਤ 7 ਫ਼ਰਵਰੀ ਨੂੰ ਮੁੰਬਈ ਵਿਚ ਅਮਰੀਕਾ ਵਿਰੁਧ ਅਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। 12 ਫ਼ਰਵਰੀ ਨੂੰ ਦਿੱਲੀ ਵਿਚ ਭਾਰਤ ਦਾ ਸਾਹਮਣਾ ਨਾਮੀਬੀਆ ਨਾਲ ਹੋਵੇਗਾ। ਇਸ ਤੋਂ ਬਾਅਦ ਉਹ 18 ਫ਼ਰਵਰੀ ਨੂੰ ਅਹਿਮਦਾਬਾਦ ’ਚ ਨੀਦਰਲੈਂਡਜ਼ ਵਿਰੁਧ ਲੀਗ ਮੈਚ ਖਤਮ ਕਰਨ ਤੋਂ ਪਹਿਲਾਂ ਪਾਕਿਸਤਾਨ ਵਿਰੁਧ ਵੱਡੇ ਮੁਕਾਬਲੇ ਲਈ ਸ਼੍ਰੀਲੰਕਾ ਦੀ ਰਾਜਧਾਨੀ ਜਾਣਗੇ।

ਵਿਸ਼ਵ ਕੱਪ 7 ਫ਼ਰਵਰੀ ਤੋਂ 8 ਮਾਰਚ ਤਕ ਅੱਠ ਸਥਾਨਾਂ (ਭਾਰਤ ਵਿਚ ਪੰਜ ਅਤੇ ਸ਼੍ਰੀਲੰਕਾ ਵਿਚ ਤਿੰਨ) ਉਤੇ ਹੋਵੇਗਾ। ਟੂਰਨਾਮੈਂਟ ਦੌਰਾਨ ਦਿੱਲੀ, ਕੋਲਕਾਤਾ, ਅਹਿਮਦਾਬਾਦ, ਚੇਨਈ, ਮੁੰਬਈ, ਕੋਲੰਬੋ ਅਤੇ ਕੈਂਡੀ ਵਿਚ 55 ਮੈਚ ਖੇਡੇ ਜਾਣਗੇ। ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਨੇ ਟੂਰਨਾਮੈਂਟ ਦੇ ਸ਼ਡਿਊਲ ਦਾ ਪ੍ਰਗਟਾਵਾ ਕਰਦੇ ਹੋਏ ਇਹ ਐਲਾਨ ਕੀਤਾ।
ਗਰੁੱਪ ਬੀ ਵਿਚ ਆਸਟਰੇਲੀਆ, ਸ਼੍ਰੀਲੰਕਾ, ਆਇਰਲੈਂਡ, ਜ਼ਿੰਬਾਬਵੇ ਅਤੇ ਓਮਾਨ ਸ਼ਾਮਲ ਹਨ ਜਦਕਿ ਗਰੁੱਪ ਸੀ ਵਿਚ ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼, ਨੇਪਾਲ ਅਤੇ ਇਟਲੀ ਦੀਆਂ ਟੀਮਾਂ ਹੋਣਗੀਆਂ। ਗਰੁੱਪ ਡੀ ’ਚ ਨਿਊਜ਼ੀਲੈਂਡ, ਦਖਣੀ ਅਫਰੀਕਾ, ਅਫਗਾਨਿਸਤਾਨ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।
ਇਸ ਦੌਰਾਨ, 2024 ਵਿਚ ਪਿਛਲੇ ਟੀ-20 ਵਿਸ਼ਵ ਕੱਪ ਵਿਚ ਮੌਜੂਦਾ ਚੈਂਪੀਅਨ ਭਾਰਤ ਦੀ ਕਪਤਾਨੀ ਕਰਨ ਵਾਲੇ ਰੋਹਿਤ ਸ਼ਰਮਾ ਨੂੰ ਟੂਰਨਾਮੈਂਟ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਰੋਹਿਤ ਨੇ ਪਿਛਲੇ ਸਾਲ ਅਮਰੀਕਾ ਵਿਚ ਭਾਰਤ ਦੀ ਜਿੱਤ ਤੋਂ ਬਾਅਦ ਸੱਭ ਤੋਂ ਛੋਟੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ, ਜਿਸ ਨੇ ਭਾਰਤੀ ਟੀਮ ਲਈ ਆਈ.ਸੀ.ਸੀ. ਟਰਾਫੀਆਂ ਦੇ 11 ਸਾਲਾਂ ਦੇ ਸੋਕੇ ਨੂੰ ਤੋੜ ਦਿਤਾ ਸੀ।
