
ICC ਕ੍ਰਿਕਟ ਨਹੀਂ ਚਲਾਉਂਦੀ, ਇਹ ਇਵੈਂਟ ਮੈਨੇਜਮੈਂਟ ਕੰਪਨੀ ਦੀ ਵਾਂਗ ਹੈ : ਇਆਨ ਚੈਪਲ
ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ‘ਈਵੈਂਟ ਮੈਨੇਜਮੈਂਟ ਕੰਪਨੀ’ ਦਸਿਆ ਹੈ ਅਤੇ ਕਿਹਾ ਹੈ ਕਿ ਵਿੱਤੀ ਤੌਰ ’ਤੇ ਮਜ਼ਬੂਤ ਬੋਰਡ ਟੈਸਟ ਕ੍ਰਿਕਟ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਅਪਣੇ ਹਿੱਤਾਂ ਲਈ ਪ੍ਰੋਗਰਾਮ ਤਿਆਰ ਕਰ ਰਹੇ ਹਨ।
ਚੈਪਲ ਦਾ ਇਹ ਵੀ ਮੰਨਣਾ ਹੈ ਕਿ ਟੈਸਟ ਕ੍ਰਿਕਟ ਲਈ ਦੋ ਪੱਧਰੀ ਪ੍ਰਣਾਲੀ ਹੁਣ ਤਕ ਲਾਗੂ ਹੋ ਜਾਣੀ ਚਾਹੀਦੀ ਸੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਖੇਡ ਦੇ ਰਵਾਇਤੀ ਫਾਰਮੈਟ ਨੂੰ ਢੁਕਵਾਂ ਰੱਖਣ ਲਈ ਹੋਰ ਮਹੱਤਵਪੂਰਨ ਕਦਮ ਚੁਕੇ ਜਾਣੇ ਚਾਹੀਦੇ ਹਨ।
ਚੈਪਲ ਨੇ ਈ.ਐਸ.ਪੀ.ਐਨ. ਕ੍ਰਿਕਇੰਫੋ ਵਿਚ ਅਪਣੇ ਕਾਲਮ ਵਿਚ ਲਿਖਿਆ, ‘‘ਦੋ ਪੱਧਰੀ ਟੈਸਟ ਪ੍ਰਣਾਲੀ ਦੇ ਵਿਸ਼ੇ ’ਤੇ ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ੀ ਚੈਂਪੀਅਨ ਮਾਈਕਲ ਹੋਲਡਿੰਗ ਨੇ ਕਿਹਾ ਕਿ ਅਪਣੀਆਂ ਸਾਰੀਆਂ ਗਲਤੀਆਂ ਦੇ ਬਾਵਜੂਦ ਫੀਫਾ ਘੱਟੋ ਘੱਟ ਫੁੱਟਬਾਲ ਚਲਾਉਂਦੀ ਤਾਂ ਹੈ। ICC ਨੂੰ ਵੀ ਕ੍ਰਿਕਟ ਚਲਾਉਣੀ ਚਾਹੀਦੀ ਹੈ।’’
ਉਨ੍ਹਾਂ ਕਿਹਾ, ‘‘ਇਸ ਨਾਲ ਇਕ ਗੁੰਝਲਦਾਰ ਸਮੱਸਿਆ ਜੁੜੀ ਹੋਈ ਹੈ। ICC ਕ੍ਰਿਕਟ ਨਹੀਂ ਚਲਾਉਂਦੀ ਅਤੇ ਜਦੋਂ ਤਕ ਕੋਈ ਵੱਡਾ ਬਦਲਾਅ ਨਹੀਂ ਹੁੰਦਾ, ਵਿੱਤੀ ਤੌਰ ’ਤੇ ਅਮੀਰ ਦੇਸ਼ ਅਪਣੇ ਸੁਆਰਥੀ ਹਿੱਤਾਂ ਲਈ ਪ੍ਰੋਗਰਾਮ ਤਿਆਰ ਕਰਦੇ ਰਹਿਣਗੇ।’’
ਚੈਪਲ ਹਾਲਾਂਕਿ ਇਸ ਗੱਲ ਨਾਲ ਸਹਿਮਤ ਹਨ ਕਿ ਖੇਡ ਦੇ ਵਿੱਤੀ ਇੰਜਣ ਭਾਰਤ ਦਾ ਅਸਰ ਉਨ੍ਹਾਂ ਦੇ ਯੋਗਦਾਨ ਦੇ ਅਨੁਸਾਰ ਹੈ। ਉਨ੍ਹਾਂ ਕਿਹਾ, ‘‘ਭਾਰਤ ਕ੍ਰਿਕਟ ਦੀ ਆਮਦਨ ’ਚ ਲਗਭਗ 70 ਫੀ ਸਦੀ ਯੋਗਦਾਨ ਦਿੰਦਾ ਹੈ ਅਤੇ ICC ’ਚ ਇਸ ਦੀ ਮਜ਼ਬੂਤ ਮੌਜੂਦਗੀ ਇਸ ਯੋਗਦਾਨ ਅਨੁਸਾਰ ਹੈ। ਇਹ ਇਕ ਗੁੰਝਲਦਾਰ ਮੁੱਦਾ ਹੈ ਜਿਸ ਦਾ ਕ੍ਰਿਕਟ ਨੂੰ ਕੋਈ ਵਿਹਾਰਕ ਹੱਲ ਨਹੀਂ ਮਿਲਿਆ ਹੈ।’’
ਟੈਸਟ ਕ੍ਰਿਕਟ ਨੂੰ ਦੋ ਹਿੱਸਿਆਂ ’ਚ ਵੰਡਣ ਦੇ ਪ੍ਰਸਤਾਵ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਵਰਗੀਆਂ ਵੱਡੀਆਂ ਟੀਮਾਂ ਇਕ-ਦੂਜੇ ਵਿਰੁਧ ਵਧੇਰੇ ਮੈਚ ਖੇਡ ਸਕਣਗੀਆਂ। ਆਸਟਰੇਲੀਆ ਦੇ ਬਿਹਤਰੀਨ ਕਪਤਾਨਾਂ ਵਿਚੋਂ ਇਕ ਚੈਪਲ ਦਾ ਮੰਨਣਾ ਹੈ ਕਿ ਟੀਮਾਂ ਲਈ ਇਕ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਉਹ ਚੋਟੀ ਦੇ ਪੱਧਰ ’ਤੇ ਅੱਗੇ ਵਧਣ ਅਤੇ ਕੁੱਝ ਮਾਪਦੰਡਾਂ ਨਾਲ ਹੇਠਾਂ ਖਿਸਕ ਜਾਣ।
ਉਨ੍ਹਾਂ ਕਿਹਾ, ‘‘ਦੋ ਪੱਧਰੀ ਟੈਸਟ ਪ੍ਰਣਾਲੀ ਨੂੰ ਬਹੁਤ ਪਹਿਲਾਂ ਲਾਗੂ ਕਰ ਦਿਤਾ ਜਾਣਾ ਚਾਹੀਦਾ ਸੀ ਕਿਉਂਕਿ ਸਿਰਫ ਕੁੱਝ ਟੀਮਾਂ ਹੀ ਪੰਜ ਦਿਨਾ ਫਾਰਮੈਟ ਵਿਚ ਹਿੱਸਾ ਲੈਣ ਦੇ ਸਮਰੱਥ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਅਤੇ ਆਇਰਲੈਂਡ ਵਰਗੇ ਦੇਸ਼ਾਂ ਨੂੰ ਟੈਸਟ ਦਰਜਾ ਨਹੀਂ ਦਿਤਾ ਜਾਣਾ ਚਾਹੀਦਾ ਸੀ ਪਰ ਇਹ ਕਦਮ ਸੁਆਰਥ ਤੋਂ ਪ੍ਰੇਰਿਤ ਸੀ।
ਉਨ੍ਹਾਂ ਕਿਹਾ, ‘‘ਉਸ ਨੂੰ ਟੈਸਟ ਦਰਜਾ ਦੇ ਕੇ ICC ਨੇ ਮਹੱਤਵਪੂਰਨ ਮੁੱਦਿਆਂ ’ਤੇ ਉਨ੍ਹਾਂ ਦੀਆਂ ਵੋਟਾਂ ਜਿੱਤੀਆਂ ਹਨ। ਇਸ ਲਈ ICC ਨੂੰ ਵਿਆਪਕ ਤੌਰ ’ਤੇ ਇਕ ਈਵੈਂਟ ਮੈਨੇਜਮੈਂਟ ਕੰਪਨੀ ਮੰਨਿਆ ਜਾਂਦਾ ਹੈ।’’