
ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਕੀਤੇ ਗੋਲ
ਪੈਰਿਸ: ਭਾਰਤੀ ਹਾਕੀ ਟੀਮ ਨੇ 2024 ਦੀਆਂ ਓਲੰਪਿਕ ਖੇਡਾਂ ’ਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਅਪਣਾ ਪਹਿਲਾ ਮੈਚ 3-2 ਨਾਲ ਨਿਊਜ਼ੀਲੈਂਡ ਤੋਂ ਜਿੱਤ ਲਿਆ ਹੈ। ਰੋਚਕ ਮੈਚ ’ਚ ਨਿਊਜ਼ੀਲੈਂਡ ਨੇ ਪਹਿਲੀ ਕੁਆਰਟਰ ’ਚ ਗੋਲ ਕਰ ਕੇ ਲੀਡ ਹਾਸਲ ਕਰ ਲਈ ਸੀ ਪਰ ਭਾਰਤ ਦੇ ਫ਼ਾਰਵਰਡ ਮਨਦੀਪ ਸਿੰਘ ਨੇ ਦੂਜੇ ਕੁਆਰਟਰ ’ਚ ਗੋਲ ਕਰ ਕੇ ਸਕੋਰ ਬਰਾਬਰ ਕੀਤਾ।
ਇਸ ਤੋਂ ਬਾਅਦ ਤੀਜੇ ਕੁਆਰਟਰ ’ਚ ਵਿਵੇਕ ਸਾਗਰ ਪ੍ਰਸਾਦ ਨੇ ਇਕ ਹੋਰ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਪਰ 20 ਮਿੰਟ ਬਾਅਦ ਹੀ ਨਿਊਜ਼ੀਲੈਂਡ ਨੇ ਸੱਤ ਮਿੰਟ ਰਹਿੰਦਿਆਂ ਇਕ ਹੋਰ ਗੋਲ ਕਰ ਕੇ ਆਪਣੀ ਟੀਮ ਨੂੰ ਮੁੜ ਮੁਕਾਬਲੇ ’ਚ ਲਿਆ ਖੜਾ ਕੀਤਾ।
ਪਰ ਭਾਰਤ ਖ਼ੁਸ਼ਕਿਸਮਤ ਰਿਹਾ ਕਿ ਜਦੋਂ ਖੇਡ ’ਚ ਦੋ ਮਿੰਟ ਬਾਕੀ ਰਹਿੰਦੇ ਸਨ ਉਸ ਨੂੰ ਪੈਨਲਟੀ ਮਿਲ ਗਈ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਨੂੰ ਗੋਲ ’ਚ ਬਦਲਣ ’ਚ ਕੋਈ ਕਸਰ ਨਹੀਂ ਛੱਡੀ ਅਤੇ ਆਪਣੀ ਟੀਮ ਨੂੰ 3-2 ਨਾਲ ਜਿੱਤ ਦਿਵਾਈ। ਭਾਰਤ ਦਾ ਅਗਲਾ ਮੁਕਾਬਲਾ ਅਰਜਨਟੀਨਾ ਨਾਲ 29 ਜੁਲਾਈ ਨੂੰ ਹੋਵੇਗਾ।