
ਮਨੀਪੁਰ ਦੀ ਰਹਿਣ ਵਾਲੀ ਮੀਰਾਬਾਈ ਨੇ ਰਾਸ਼ਟਰਮੰਡਲ ਖੇਡਾਂ ਵਿਚ 49 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ।
ਨਵੀਂ ਦਿੱਲੀ: ਮੀਰਾਬਾਈ ਚਾਨੂ ਨੇ 2022 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਤਮਗਾ ਜਿੱਤ ਕੇ ਭਾਰਤੀ ਵੇਟਲਿਫਟਿੰਗ ਵਿਚ ਦਬਦਬਾ ਕਾਇਮ ਰੱਖਿਆ, ਉਥੇ ਹੀ ਰਾਸ਼ਟਰਮੰਡਲ ਖੇਡਾਂ ਵਿਚ ਹੋਰ ਖਿਡਾਰੀਆਂ ਨੇ ਵੀ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮਨੀਪੁਰ ਦੀ ਰਹਿਣ ਵਾਲੀ ਮੀਰਾਬਾਈ ਨੇ ਰਾਸ਼ਟਰਮੰਡਲ ਖੇਡਾਂ ਵਿਚ 49 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ। ਇੱਥੇ ਰਾਸ਼ਟਰਮੰਡਲ ਖੇਡਾਂ ਵਿਚ ਉਸ ਦਾ ਤੀਜਾ ਅਤੇ ਲਗਾਤਾਰ ਦੂਜਾ ਸੋਨ ਤਮਗਾ ਸੀ।
ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਸਾਲ ਦਾ ਅੰਤ ਉੱਚ ਪੱਧਰ 'ਤੇ ਕੀਤਾ। ਇਸ ਤੋਂ ਪਹਿਲਾਂ 2017 ਵਿਚ ਉਸ ਨੇ ਇਸ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਕੁੱਲ 200 ਕਿਲੋ ਭਾਰ ਚੁੱਕਿਆ। ਮੀਰਾਬਾਈ ਨੇ ਸਨੈਚ ਵਿਚ 87 ਕਿਲੋ ਅਤੇ ਕਲੀਨ ਐਂਡ ਜਰਕ ਵਿਚ 113 ਕਿਲੋ ਭਾਰ ਚੁੱਕਿਆ। ਉਸ ਨੇ ਕਲੀਨ ਐਂਡ ਜਰਕ ਵਰਗ ਵਿਚ ਚਾਂਦੀ ਦਾ ਤਮਗਾ ਵੀ ਜਿੱਤਿਆ।
ਹਾਲਾਂਕਿ ਉਹ ਇਸ ਸਾਲ ਵੀ ਸਨੈਚ ਵਿਚ 90 ਕਿਲੋ ਭਾਰ ਨਹੀਂ ਚੁੱਕ ਸਕੀ, ਜਿਸ ਲਈ ਉਹ 2020 ਤੋਂ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ ਜੁਲਾਈ-ਅਗਸਤ ਵਿਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਜਿੱਥੇ ਭਾਰਤੀ ਵੇਟਲਿਫਟਰਾਂ ਨੇ ਆਪਣੀ ਚਮਕ ਬਿਖੇਰੀ ਤਾਂ ਉੱਥੇ ਹੀ ਕੁਝ ਰਿਕਾਰਡ ਵੀ ਬਣਾਏ। ਜੇਰੇਮੀ ਲਾਲਰਿਨੁੰਗਾ ਨੇ 300 ਕਿਲੋਗ੍ਰਾਮ (140 ਕਿਲੋਗ੍ਰਾਮ ਅਤੇ 160 ਕਿਲੋਗ੍ਰਾਮ) ਚੁੱਕ ਕੇ ਸਨੈਚ ਅਤੇ ਕੁੱਲ ਭਾਰ ਵਿਚ ਇਕ ਨਵਾਂ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਕਾਇਮ ਕੀਤਾ। ਅਚਿੰਤਾ ਸ਼ਿਉਲੀ ਨੇ 313 ਕਿਲੋ (143 ਕਿਲੋ ਅਤੇ 170 ਕਿਲੋ) ਦੇ ਯਤਨ ਨਾਲ ਸਨੈਚ ਅਤੇ ਕੁੱਲ ਭਾਰ ਵਿਚ ਇਕ ਨਵਾਂ ਖੇਡਾਂ ਦਾ ਰਿਕਾਰਡ ਵੀ ਕਾਇਮ ਕੀਤਾ।
ਭਾਰਤੀ ਵੇਟਲਿਫਟਰਾਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਕੁੱਲ 10 ਤਮਗੇ ਜਿੱਤੇ, ਜਿਨ੍ਹਾਂ ਵਿਚ ਤਿੰਨ ਸੋਨ, ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਸ਼ਾਮਲ ਹਨ। ਮੀਰਾਬਾਈ (49 ਕਿਲੋ), ਜੇਰੇਮੀ (73 ਕਿਲੋ) ਅਤੇ ਅਚਿੰਤਾ (77 ਕਿਲੋ) ਨੇ ਸੋਨ ਤਮਗੇ ਜਿੱਤੇ, ਜਦਕਿ ਸੰਕੇਤ ਸਾਗਰ (55 ਕਿਲੋ), ਵਿਕਾਸ ਠਾਕੁਰ (96 ਕਿਲੋ), ਐਸ ਬਿੰਦਰਾਣੀ (55 ਕਿਲੋ) ਨੇ ਚਾਂਦੀ ਜਦਕਿ ਪੀ ਗੁਰੂਰਾਜਾ (61 ਕਿਲੋ), ਲਵਪ੍ਰੀਤ ਸਿੰਘ (109 ਕਿਲੋ), ਗੁਰਦੀਪ ਸਿੰਘ (+109 ਕਿਲੋ) ਅਤੇ ਹਰਜਿੰਦਰ ਕੌਰ (71 ਕਿਲੋ) ਨੇ ਕਾਂਸੀ ਦੇ ਤਮਗੇ ਜਿੱਤੇ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਤਮਗਾ ਸੂਚੀ ਵਿੱਚ ਸਿਖਰ ’ਤੇ ਰਿਹਾ ਸੀ ਪਰ ਮੀਰਾਬਾਈ ਨੂੰ ਛੱਡ ਕੇ ਕੋਈ ਹੋਰ ਅਥਲੀਟ ਇਸ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਸਕੇ।