
ਉਨ੍ਹਾਂ ਦੇ ਕਥਨ ਨੂੰ ਕੋਈ ਗ਼ਲਤ ਢੰਗ ਨਾਲ ਪੇਸ਼ ਨਾ ਕਰੇ
ਚੰਡੀਗੜ੍ਹ: ਕ੍ਰਿਕਟਰ ਯੁਵਰਾਜ ਸਿੰਘ ਵਲੋਂ ਇੰਸਟਾਗ੍ਰਾਮ ’ਤੇ ਅਪਣੇ ਜਾਣਕਾਰ ਕ੍ਰਿਕਟਰ ਦੋਸਤਾਂ ਨਾਲ ਕੀਤੀ ਗੱਲਬਾਤ ਨੂੰ ਆਧਾਰ ਬਣਾ ਕੇ ਐਸਸੀਐਸਟੀ ਐਕਟ ਤਹਿਤ ਕੀਤੀ ਸ਼ਿਕਾਇਤ ’ਤੇ ਪੰਜਾਬ ਅਤੇ ਹਰਿਆਣਾ ਹਈ ਕੋਰਟ ਨੇ ਨਸੀਹਤ ਦਿੰਦਿਆਂ ਟਿਪਣੀ ਕੀਤੀ ਹੈ ਕਿ ਸੈਲੀਬਿ੍ਰਟੀਜ਼ (ਮਸ਼ਹੂਰ ਹਸਤੀਆਂ) ਨੂੰ ਕੋਈ ਵੀ ਟਿਪਣੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਤਾਂ ਜੋ ਉਸ ਟਿਪਣੀ ਨੂੰ ਕਿਸੇ ਤਰ੍ਹਾਂ ਨਾਲ ਗ਼ਲਤ ਅਰਥਾਂ ਤਹਿਤ ਇਸਤੇਮਾਲ ਨਾ ਕੀਤਾ ਜਾ ਸਕੇ।
Yuvraj singh
ਯੁਵਰਾਜ ਵਿਰੁਧ ਹਾਂਸੀ (ਹਿਸਾਰ) ਥਾਣੇ ’ਚ ਦਰਜ ਐਸਸੀਐਸਟੀ ਐਕਟ ਦੇ ਮਾਮਲੇ ’ਚ ਹਾਈ ਕੋਰਟ ਨੇ ਉਂਜ ਵੱਡੀ ਰਾਹਤ ਦਿੰਦਿਆਂ ਕਾਰਵਾਈ ’ਤੇ ਰੋਕ ਲਗਾ ਦਿਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਸਮਾਜ ਦੇ ਵਿਸ਼ੇਸ਼ ਵਰਗ ਦੇ ਹਿਤਾਂ ਦੀ ਰਾਖੀ ਲਈ ਬਣੇ ਕਾਨੂੰਨ ਦੀ ਉਲੰਘਣਾ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਹਰ ਇਕ ਵਿਅਕਤੀ ਖ਼ਾਸਕਰ ਸੈਲੀਬਿ੍ਰਟੀ ਨੂੰ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਥਨ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।
Yuvraj Singh
ਯੁਵਰਾਜ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਇਹ ਮਾਮਲਾ ਉਸ ਨੂੰ ਬਲੈਕਮੇਲ ਕਰਨ ਤੇ ਪ੍ਰੇਸ਼ਾਨ ਕਰਨ ਲਈ ਦਰਜ ਕਰਵਾਇਆ ਗਿਆ ਹੈ । ਯੁਵਰਾਜ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਪੈਰਵੀ ਕਰਦਿਆਂ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਯੁਵਰਾਜ ਅਪਣੇ ਕਿ੍ਰਕਟਰ ਸਾਥੀਆਂ ਨਾਲ ਇੰਸਟਾਗ੍ਰਾਮ ’ਤੇ ਗੱਲਬਾਤ ਕਰ ਰਿਹਾ ਸੀ ਤੇ ਮਜਾਕੀਆ ਲਹਿਜੇ ’ਚ ਇਕ ਦੂਜੇ ਬਾਰੇ ਕੁਮੈਂਟ ਕਰ ਰਹੇ ਸੀ।
Yuvraj Singh
ਬਾਅਦ ਵਿਚ ਗੁੜਗਾਂਵ ਥਾਣੇ ’ਚੋਂ ਫ਼ੋਨ ਆਇਆ ਕਿ ਇਕ ਸ਼ਿਕਾਇਤ ਆਈ ਹੈ ਤੇ ਇਹ ਮਾਮਲਾ ਉਥੇ ਹੀ ਖ਼ਤਮ ਹੋ ਗਿਆ ਸੀ ਤੇ ਕਥਿਤ ਗ਼ਲਤ ਕੁਮੈਂਟ ਬਾਰੇ ਮਾਫ਼ੀ ਵੀ ਮੰਗ ਲਈ ਗਈ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਰਜਤ ਕਲਸਨ ਨਾਂ ਦੇ ਕਿਸੇ ਹੋਰ ਵਿਅਕਤੀ ਦੀ ਸ਼ਿਕਾਇਤ ’ਤੇ ਹਾਂਸੀ ਵਿਖੇ ਐਸਸੀਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਾਈ ਕੋਰਟ ਨੂੰ ਦਸਿਆ ਗਿਆ ਕਿ ਸ਼ਿਕਾਇਤਕਰਤਾ ਨਾਲ ਇਸ ਗੱਲਬਾਤ ਦਾ ਕੋਈ ਸਬੰਧ ਨਹੀਂ ਤੇ ਨਾ ਹੀ ਉਹ ਪੀੜਤ ਹੈ ਅਤੇ ਨਾ ਹੀ ਉਹ ਸਬੰਧਤ ਵਰਗ ਨਾਲ ਸਬੰਧ ਰੱਖਦਾ ਹੈ। ਕਿਹਾ ਕਿ ਸ਼ਿਕਾਇਤਕਰਤਾ ਬਲੈਕਮੇਲ ਕਰਨਾ ਚਾਹੁੰਦਾ ਹੈ, ਲਿਹਾਜਾ ਐਫ਼ਆਈਆਰ ਰੱਦ ਕੀਤੀ ਜਾਣੀ ਚਾਹੀਦੀ ਹੈ ਤੇ ਮਾਮਲੇ ਦੀ ਸੁਣਵਾਈ ਤਕ ਕਾਰਵਾਈ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਹਾਈ ਕੋਰਟ ਨੇ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰ ਕੇ ਕਾਰਵਾਈ ’ਤੇ ਰੋਕ ਲਗਾ ਦਿਤੀ ਹੈ।