ਚੀਨ ਦੇ ਵੇਂਗ ਹੋਂਗ ਯੇਂਗ ਨੂੰ ਦਿਤੀ ਮਾਤ
ਕੁਆਲਾਲੰਪੁਰ : ਭਾਰਤ ਦੇ ਐਚ.ਐਸ. ਪ੍ਰਣਯ ਨੇ ਐਤਵਾਰ ਨੂੰ ਇਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸਖ਼ਤ ਮੁਕਾਬਲੇ ਦੇ ਫ਼ਾਈਨਲ ਵਿਚ ਚੀਨ ਦੇ ਵੇਂਗ ਹੋਂਗ ਯੇਂਗ ਨੂੰ ਤਿੰਨ ਗੇਮਾਂ ਵਿਚ ਹਰਾ ਕੇ ਅਪਣਾ ਪਹਿਲਾ ਬੀਡਬਲਿਊਐਫ਼ ਵਿਸ਼ਵ ਟੂਰ ਖ਼ਿਤਾਬ ਜਿੱਤ ਲਿਆ।
30 ਸਾਲਾ ਭਾਰਤੀ ਖਿਡਾਰੀ ਨੇ 94 ਮਿੰਟ ਤਕ ਚੱਲੇ ਮੈਚ ਦੌਰਾਨ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਦੁਨੀਆਂ ਦੇ 34ਵੇਂ ਨੰਬਰ ਦੇ ਖਿਡਾਰੀ ਚੀਨ ਦੇ ਵਾਂਗ ਨੂੰ 21-19, 13-21, 21-18 ਨਾਲ ਹਰਾਇਆ। ਪ੍ਰਣਯ ਨੇ ਪਿਛਲੇ ਸਾਲ ਥਾਮਸ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ 2017 ਯੂ.ਐਸ. ਓਪਨ ਗ੍ਰਾਂ ਪ੍ਰੀ ਗੋਲਡ ਤੋਂ ਬਾਅਦ ਉਸ ਨੇ ਕੋਈ ਵਿਅਕਤੀਗਤ ਖ਼ਿਤਾਬ ਨਹੀਂ ਜਿਤਿਆ ਸੀ।
ਇਹ ਵੀ ਪੜ੍ਹੋ: ਆਬਕਾਰੀ ਵਿਭਾਗ ਨੇ ਸ਼ਰਾਬ ਦੇ ਬਾਰਾਂ 'ਤੇ ਹੋਣ ਵਾਲੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ 'ਨਾਈਟ ਸਵੀਪ' ਚਲਾਇਆ ਆਪ੍ਰੇਸ਼ਨ : ਚੀਮਾ
ਕੇਰਲ ਦਾ ਇਹ ਸ਼ਟਲਰ ਪਿਛਲੇ ਸਾਲ ਸਵਿਸ ਓਪਨ ਦੇ ਫ਼ਾਈਨਲ ਵਿਚ ਪਹੁੰਚ ਕੇ ਆਅਪਣੇ ਖ਼ਿਤਾਬ ਦੀ ਕਮੀ ਨੂੰ ਖ਼ਤਮ ਕਰਨ ਦੇ ਨੇੜੇ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਪ੍ਰਣਯ ਮਲੇਸ਼ੀਆ ਅਤੇ ਇੰਡੋਨੇਸ਼ੀਆ ਸੁਪਰ 1000 ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਵੀ ਜਗ੍ਹਾ ਬਣਾਉਣ 'ਚ ਸਫ਼ਲ ਰਿਹਾ।
ਐਤਵਾਰ ਨੂੰ ਦੁਨੀਆਂ ਦੇ ਨੌਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਚੀਨ ਦੇ 23 ਸਾਲਾ ਖਿਡਾਰੀ ਵਿਰੁਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਣਯ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਚੋਊ ਤਿਏਨ ਚੇਨ, ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੇਂਗ ਅਤੇ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਨੂੰ ਅਪਣੀ ਖ਼ਿਤਾਬੀ ਜਿੱਤ ਦੌਰਾਨ ਹਰਾਇਆ।