Paris Olympics 2024 : ਓਲੰਪਿਕ ’ਚ ਭਾਰਤ ਦਾ ਦੂਜਾ ਦਿਨ, ਇਤਿਹਾਸ ਰਚਦੇ ਹੋਏ ਮਨੂ ਨੇ ਖੋਲ੍ਹਿਆ ਭਾਰਤ ਦਾ ਖਾਤਾ

By : BALJINDERK

Published : Jul 28, 2024, 7:56 pm IST
Updated : Jul 30, 2024, 2:44 pm IST
SHARE ARTICLE
ਮਨੂ ਭਾਕਰ
ਮਨੂ ਭਾਕਰ

Paris Olympics 2024 : ਨਿਸ਼ਾਨੇਬਾਜ਼ ਚਮਕੇ, ਪਰ ਤੀਰਅੰਦਾਜ਼ਾਂ ਦੇ ਨਿਸ਼ਾਨੇ ਖੁੰਝੇ

Paris Olympics 2024 :  ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਮਨੂ ਭਾਕਰ ਨੇ ਪੈਰਿਸ ਓਲੰਪਿਕ ਦੇ ਦੂਜੇ ਦਿਨ ਭਾਰਤ ਦਾ ਖਾਤਾ ਖੋਲ੍ਹਿਆ ਅਤੇ ਨਿਸ਼ਾਨੇਬਾਜ਼ੀ ਰੇਂਜ ’ਤੇ 12 ਸਾਲ ਬਾਅਦ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਇਆ, ਜਦਕਿ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਵੀ ਫਾਈਨਲ ’ਚ ਪਹੁੰਚ ਗਏ। 
ਤਮਗੇ ਦੇ ਦਾਅਵੇਦਾਰ ਮੁੱਕੇਬਾਜ਼ ਨਿਖਤ ਜ਼ਰੀਨ ਅਤੇ ਪੀ.ਵੀ. ਸਿੰਧੂ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਪਰ ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਮਹਿਲਾ ਤੀਰਅੰਦਾਜ਼ਾਂ ਨੇ ਨਿਰਾਸ਼ ਕੀਤਾ। 
ਤੈਰਾਕੀ ’ਚ ਵੀ ਸ਼੍ਰੀਹਰੀ ਨਟਰਾਜ ਅਤੇ ਧੀਨਿਧੀ ਦੇਸਿੰਘੂ ਸੈਮੀਫਾਈਨਲ ’ਚ ਪਹੁੰਚਣ ’ਚ ਅਸਫਲ ਰਹੇ। ਜਦਕਿ ਟੈਨਿਸ ’ਚ ਸੁਮਿਤ ਨਾਗਲ ਪਹਿਲੇ ਗੇੜ ’ਚ ਹੀ ਬਾਹਰ ਹੋ ਗਏ। ਮਨਿਕਾ ਬੱਤਰਾ ਅਤੇ ਸ਼੍ਰੀਜਾ ਅਕੁਲਾ ਨੇ ਟੇਬਲ ਟੈਨਿਸ ਦੇ ਅਗਲੇ ਗੇੜ ’ਚ ਪਹੁੰਚ ਗਏ, ਜਦਕਿ ਕਿਸ਼ਤੀ ਚਲਾਉਣ ਦੇ ਮੁਕਾਬਲੇ ’ਚ ਬਲਰਾਜ ਪੰਵਾਰ ਸਿੰਗਲਜ਼ ਸਕਲ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੇ। 
ਦੂਜੇ ਦਿਨ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਰਹੀ, ਜਿਸ ਨੇ ਪੈਰਿਸ ਤੋਂ ਲਗਭਗ 300 ਕਿਲੋਮੀਟਰ ਦੂਰ ਸਥਿਤ ਸ਼ੂਟਿੰਗ ਰੇਂਜ ਵਿਚ 10 ਮੀਟਰ ਏਅਰ ਪਿਸਟਲ ਵਿਚ ਕਾਂਸੀ ਦਾ ਤਗਮਾ ਅਤੇ ਸਿਰਫ 0.1 ਅੰਕ ਨਾਲ ਚਾਂਦੀ ਦਾ ਤਗਮਾ ਜਿੱਤਣ ਤੋਂ ਖੁੰਝ ਗਈ। ਰਾਈਫਲ ਨਿਸ਼ਾਨੇਬਾਜ਼ ਰਮਿਤਾ ਜਿੰਦਲ ਅਤੇ ਚੰਡੀਗੜ੍ਹ ਦੇ ਅਰਜੁਨ ਬਬੂਤਾ ਨੇ ਵੀ ਕ੍ਰਮਵਾਰ ਔਰਤਾਂ ਦੀ 10 ਮੀਟਰ ਏਅਰ ਰਾਈਫਲ ਅਤੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਕੇ ਤਮਗੇ ਦੀਆਂ ਉਮੀਦਾਂ ਵਧਾ ਦਿਤੀਆਂ ਹਨ। 
ਤਿੰਨ ਸਾਲ ਪਹਿਲਾਂ ਟੋਕੀਓ ਓਲੰਪਿਕ ’ਚ ਭਾਰਤ ਦੇ 15 ਨਿਸ਼ਾਨੇਬਾਜ਼ਾਂ ’ਚੋਂ ਸਿਰਫ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ ਸੌਰਭ ਚੌਧਰੀ ਹੀ ਫਾਈਨਲ ’ਚ ਪਹੁੰਚ ਸਕੇ ਸਨ। ਪੈਰਿਸ ’ਚ ਭਾਰਤੀ ਦਲ ਦੇ ਮੁਖੀ ਗਗਨ ਨਾਰੰਗ ਵਲੋਂ ਪੈਰਿਸ ’ਚ 2012 ਲੰਡਨ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਨਿਸ਼ਾਨੇਬਾਜ਼ੀ ’ਚ ਇਹ ਪਹਿਲਾ ਓਲੰਪਿਕ ਤਮਗਾ ਹੈ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 22 ਸਾਲ ਦੀ ਮਨੂ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 221.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ। 
ਤਮਗਾ ਜਿੱਤਣ ਮਗਰੋਂ ਉਨ੍ਹਾਂ ਕਿਹਾ, ‘‘ਮੈਂ ਭਗਵਤ ਗੀਤਾ ਬਹੁਤ ਪੜ੍ਹੀ ਹੈ ਅਤੇ ਉਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਮੈਨੂੰ ਕਰਨਾ ਚਾਹੀਦਾ ਸੀ। ਬਾਕੀ ਰੱਬ ’ਤੇ ਛੱਡ ਦਿਤਾ। ਅਸੀਂ ਕਿਸਮਤ ਨਾਲ ਨਹੀਂ ਲੜ ਸਕਦੇ। ਤੁਸੀਂ ਨਤੀਜੇ ਨੂੰ ਕੰਟਰੋਲ ਨਹੀਂ ਕਰ ਸਕਦੇ।’’
ਰਮਿਤਾ ਨੇ ਸ਼ਨਿਚਰਵਾਰ ਨੂੰ ਬਬੂਟਾ ਨਾਲ ਮਿਕਸਡ ਟੀਮ ਫਾਈਨਲ ’ਚ ਜਗ੍ਹਾ ਨਾ ਬਣਾਉਣ ਦੀ ਨਿਰਾਸ਼ਾ ਨੂੰ ਦੂਰ ਕਰਦੇ ਹੋਏ ਪੰਜਵੇਂ ਸਥਾਨ ’ਤੇ ਰਹਿ ਕੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਜਦਕਿ ਇਲਾਵੇਨਿਲ ਵਲਾਰੀਵਾਨ ਨੇ 630.7 ਅੰਕਾਂ ਨਾਲ ਅੱਠ ਖਿਡਾਰੀਆਂ ਦੇ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ। 
ਬਬੂਤਾ ਨੇ ਕੁਆਲੀਫਿਕੇਸ਼ਨ ’ਚ ਸੱਤਵੇਂ ਸਥਾਨ ’ਤੇ ਰਹਿ ਕੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। 25 ਸਾਲ ਦੇ ਬਬੂਤਾ ਨੇ 105.7, 104.9, 105.5, 105.4, 104.0 ਅਤੇ 104.6 ਦੀ ਲੜੀ ਨਾਲ ਕੁਲ 630.1 ਅੰਕ ਹਾਸਲ ਕੀਤੇ। ਬਬੂਟਾ ਸੋਮਵਾਰ ਨੂੰ ਅੱਠ ਖਿਡਾਰੀਆਂ ਦੇ ਫਾਈਨਲ ’ਚ ਤਗਮੇ ਲਈ ਮੁਕਾਬਲਾ ਕਰਨਗੇ। 
ਸਰਵਿਸਿਜ਼ ਦੇ ਸੰਦੀਪ ਸਿੰਘ 629.3 ਦੇ ਸਕੋਰ ਨਾਲ 12ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। 
ਮੁੱਕੇਬਾਜ਼ੀ ’ਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਜਰਮਨੀ ਦੀ ਮੈਕਸੀ ਕਰੀਨਾ ਕਲੋਟਜ਼ਰ ਨੂੰ ਹਰਾ ਕੇ ਮਹਿਲਾਵਾਂ ਦੇ 50 ਕਿਲੋਗ੍ਰਾਮ ਮੁੱਕੇਬਾਜ਼ੀ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। 28 ਸਾਲ ਦੀ ਗੈਰ-ਦਰਜਾ ਪ੍ਰਾਪਤ ਮੁੱਕੇਬਾਜ਼ ਨੇ ਇੱਥੇ ਉੱਤਰੀ ਪੈਰਿਸ ਅਰੇਨਾ ’ਚ 32 ਰਾਊਂਡ ਦੇ ਆਖਰੀ ਮੁਕਾਬਲੇ ’ਚ ਜਰਮਨੀ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ। ਵੀਰਵਾਰ ਨੂੰ ਖੇਡੇ ਜਾਣ ਵਾਲੇ ਪ੍ਰੀ-ਕੁਆਰਟਰ ਫਾਈਨਲ ’ਚ ਨਿਖਤ ਦਾ ਮੁਕਾਬਲਾ ਏਸ਼ੀਆਈ ਖੇਡਾਂ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਚੀਨ ਦੇ ਵੂ ਯੂ ਨਾਲ ਹੋਵੇਗਾ। 
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਗਰੁੱਪ ਐਮ ਦੇ ਮੈਚ ’ਚ ਮਾਲਦੀਵ ਦੀ ਫਾਤਿਮਤ ਅਬਦੁਲ ਰਜ਼ਾਕ ਨੂੰ ਆਸਾਨ ਜਿੱਤ ਨਾਲ ਮਹਿਲਾ ਸਿੰਗਲਜ਼ ਮੁਕਾਬਲੇ ’ਚ ਅਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। 
ਸਿੰਧੂ ਅਤੇ ਫਾਤਿਮਥ ਵਿਚਕਾਰ ਫ਼ਰਕ ਸਪੱਸ਼ਟ ਤੌਰ ’ਤੇ ਵਿਖਾਈ ਦੇ ਰਿਹਾ ਸੀ ਕਿਉਂਕਿ ਉਹ ਲਗਾਤਾਰ ਤੀਜੇ ਓਲੰਪਿਕ ਤਮਗੇ ਲਈ ਮੁਕਾਬਲਾ ਕਰ ਰਹੀ ਹੈ। ਭਾਰਤੀ ਖਿਡਾਰਨ ਨੇ ਅਪਣੇ ਹੇਠਲੇ ਦਰਜੇ ਦੀ ਖਿਡਾਰੀ ਨੂੰ ਸਿਰਫ 29 ਮਿੰਟ ’ਚ ਸਿੱਧੇ ਗੇਮਾਂ ’ਚ 21-9, 21-6 ਨਾਲ ਹਰਾਇਆ। 
ਭਾਰਤ ਦੇ ਬਲਰਾਜ ਪੰਵਾਰ ਰੈਪੇਚੇਜ 2 ’ਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਰੋਇੰਗ ਦੇ ਪੁਰਸ਼ ਸਿੰਗਲ ਸਕਲਸ ਮੁਕਾਬਲੇ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ। 
ਬਲਰਾਜ ਨੇ 7:12.41 ਸੈਕਿੰਡ ਦੇ ਸਮੇਂ ਨਾਲ ਮੋਨਾਕੋ ਦੇ ਕੁਐਂਟਿਨ ਐਂਟੋਗਨੇਲੀ ਨੂੰ ਪਿੱਛੇ ਛੱਡ ਦਿਤਾ, ਜੋ 7:10:00 ਦੇ ਸਮੇਂ ਨਾਲ ਪੋਡੀਅਮ ’ਤੇ ਚੋਟੀ ’ਤੇ ਸਨ। ਹਰੇਕ ਰੈਪੇਚੇਜ ਦੇ ਚੋਟੀ ਦੇ ਦੋ ਖਿਡਾਰੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ।
ਭਾਰਤ ਦੇ ਸਟਾਰ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਪੁਰਸ਼ ਸਿੰਗਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਜਦਕਿ ਸਟਾਰ ਮਹਿਲਾ ਖਿਡਾਰੀ ਮਨਿਕਾ ਬੱਤਰਾ ਨੇ ਰਾਊਂਡ ਆਫ 64 ’ਚ ਅਪਣੀ ਵਿਰੋਧੀ ਨੂੰ 4-1 ਨਾਲ ਹਰਾ ਕੇ ਅਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। 
ਰਾਸ਼ਟਰਮੰਡਲ ਖੇਡਾਂ 2018 ਦੀ ਚੈਂਪੀਅਨ ਅਤੇ 18ਵੀਂ ਸੀਡ ਵਾਲੀ ਮਨਿਕਾ ਨੇ ਬਰਤਾਨੀਆਂ ਦੀ ਅੰਨਾ ਹਰਸੀ ਨੂੰ 41 ਮਿੰਟ ’ਚ 11-8, 12-10, 11-9, 9-11, 11-5 ਨਾਲ ਹਰਾਇਆ। ਮਨਿਕਾ ਦਾ ਅਗਲਾ ਮੁਕਾਬਲਾ 31 ਜੁਲਾਈ ਨੂੰ ਰਾਊਂਡ 32 ਦੇ ਮੈਚ ’ਚ ਫਰਾਂਸ ਦੀ 12 ਵੀਂ ਦਰਜਾ ਪ੍ਰਾਪਤ ਪ੍ਰਿਤਿਕਾ ਪਵਾਡੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀਜਾ ਨੇ ਸਵੀਡਨ ਦੀ ਕ੍ਰਿਸਟੀਨਾ ਕਲਬਰਗ ਨੂੰ 4-0 ਨਾਲ ਹਰਾ ਕੇ ਰਾਊਂਡ ਆਫ 32 ’ਚ ਜਗ੍ਹਾ ਬਣਾਈ। 
ਡਬਲਯੂ.ਟੀ.ਟੀ. ਕੰਟੇਂਡਰ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚਣ ਵਾਲੀ ਸ਼੍ਰੀਜਾ ਨੇ ਸਵੀਡਨ ਦੀ ਖਿਡਾਰੀ ਨੂੰ 30 ਮਿੰਟ ’ਚ 11-4, 11-9, 11-7, 11-8 ਨਾਲ ਹਰਾਇਆ। (ਪੀਟੀਆਈ)

(For more news apart from On India's second day in the Olympics, Manu opened India's account while making history News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement