
ਰਚਿਨ ਰਵਿੰਦਰਾ ਦੇ ਸੈਂਕੜੇ ’ਤੇ ਭਾਰੀ ਪਈਆਂ ਟਰੇਵਿਸ ਹੇਡ ਦੀਆਂ ਤਾਬੜਤੋੜ 109 ਦੌੜਾਂ
Cricket World Cup - Australia Vs. New Zealand : ਟ੍ਰੈਵਿਸ ਹੈੱਡ (67 ਗੇਂਦਾਂ ਵਿਚ 109 ਦੌੜਾਂ) ਦੇ ਹਮਲਾਵਰ ਸੈਂਕੜੇ ਬਦੌਲਤ ਆਖਰੀ ਓਵਰ ’ਚ ਸ਼ਾਨਦਾਰ ਕੰਟਰੋਲ ਨਾਲ ਆਸਟ੍ਰੇਲੀਆ ਨੇ ਆਈ.ਸੀ.ਸੀ. ਵਿਸ਼ਵ ਕੱਪ ਮੈਚ ’ਚ ਸਨਿਚਰਵਾਰ ਨੂੰ ਇਥੇ ਨਿਊਜ਼ੀਲੈਂਡ ਨੂੰ ਰੋਮਾਂਚ ਮੁਕਾਬਲ ’ਚ ਪੰਜ ਦੌੜਾਂ ਨਾਲ ਹਰਾ ਦਿਤਾ। ਆਸਟ੍ਰੇਲੀਆ ਦੀ ਟੀਮ 49.2 ਓਵਰਾਂ ’ਚ 388 ਦੌੜਾਂ ’ਤੇ ਆਊਟ ਹੋ ਗਈ। ਜਵਾਬ ’ਚ ਨਿਊਜ਼ੀਲੈਂਡ ਨੇ ਨੌਂ ਵਿਕਟਾਂ ’ਤੇ 383 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਰਚਿਨ ਰਵਿੰਦਰਾ ਨੇ 89 ਗੇਂਦਾਂ ’ਚ 116 ਦੌੜਾਂ ਬਣਾਈਆਂ ਜਦਕਿ ਆਖਰੀ ਓਵਰਾਂ ’ਚ ਜੇਮਸ ਨੀਸ਼ਮ ਨੇ 39 ਗੇਂਦਾਂ ’ਚ 58 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਨੀਸ਼ਮ ਆਖਰੀ ਓਵਰ ਦੀ ਪੰਜਵੀਂ ਗੇਂਦ ’ਤੇ ਰਨ ਆਊਟ ਹੋ ਗਿਆ, ਜਿਸ ਕਾਰਨ ਮੈਚ ਨਿਊਜ਼ੀਲੈਂਡ ਦੇ ਹੱਥੋਂ ਨਿਕਲ ਗਿਆ।
ਉਂਗਲੀ ’ਚ ਫਰੈਕਚਰ ਕਾਰਨ ਲੰਮੇ ਸਮੇਂ ਤਕ ਖੇਡ ਤੋਂ ਦੂਰ ਰਹੇ ਹੇਡ ਨੇ 67 ਗੇਂਦਾਂ ਦੀ ਅਪਣੀ ਪਾਰੀ ’ਚ 10 ਚੌਕੇ ਅਤੇ 7 ਛੱਕੇ ਲਗਾਏ, ਜਦਕਿ ਸ਼ਾਨਦਾਰ ਫਾਰਮ ’ਚ ਚੱਲ ਰਹੇ ਵਾਰਨਰ ਨੇ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 65 ਗੇਂਦਾਂ ਵਾਰਨਰ ਨੇ ਇਸ ਦੌਰਾਨ ਪੰਜ ਚੌਕੇ ਤੇ ਛੇ ਛੱਕੇ ਲਾਏ। ਦੋਵਾਂ ਨੇ ਪਹਿਲੀ ਵਿਕਟ ਲਈ 117 ਗੇਂਦਾਂ ’ਚ 175 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋਹਾਂ ਟੀਮਾਂ ਨੇ ਇਸ ਮੈਚ ’ਚ ਕੁਲ 771 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ’ਚ ਇਕ ਮੈਚ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰੀਕਾਰਡ ਹੈ। ਇਸ ਤੋਂ ਪਹਿਲਾਂ ਦਾ ਰੀਕਾਰਡ 7 ਅਕਤੂਬਰ ਨੂੰ ਦਖਣੀ ਅਫਰੀਕਾ (428) ਅਤੇ ਸ਼੍ਰੀਲੰਕਾ (326) ਵਿਚਾਲੇ ਹੋਏ ਮੈਚ ’ਚ ਇਸੇ ਵਿਸ਼ਵ ਕੱਪ ’ਚ ਬਣਿਆ ਸੀ। ਇਸ ਮੈਚ ’ਚ ਦੋਹਾਂ ਟੀਮਾਂ ਨੇ 754 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ ਆਸਟਰੇਲੀਆ ਦੇ ਛੇ ਮੈਚਾਂ ’ਚ ਨਿਊਜ਼ੀਲੈਂਡ ਦੇ ਬਰਾਬਰ ਅੱਠ ਅੰਕ ਹੋ ਗਏ ਹਨ ਅਤੇ ਉਹ ਇਸ ਵੇਲੇ ਚੌਥੇ ਸਥਾਨ ’ਤੇ ਹੈ।
ਵੱਡਾ ਸਕੋਰ ਬਣਾਉਣ ਦੇ ਬਾਵਜੂਦ ਆਸਟਰੇਲੀਆ ਨੂੰ ਜਿੱਤ ਲਈ ਕਾਫੀ ਸੰਘਰਸ਼ ਕਰਨਾ ਪਿਆ। 23 ਸਾਲ ਦੇ ਖੱਬੇ ਹੱਥ ਦੇ ਬੱਲੇਬਾਜ਼ ਰਵਿੰਦਰ ਨੇ ਕਈ ਸ਼ਾਨਦਾਰ ਸ਼ਾਟ ਖੇਡ ਕੇ ਇਕ ਵਾਰ ਫਿਰ ਵਿਸ਼ਵ ਪੱਧਰ ’ਤੇ ਅਪਣੀ ਪ੍ਰਤਿਭਾ ਦਾ ਸਬੂਤ ਦਿਤਾ। ਇਸ ਪਾਰੀ ਦੌਰਾਨ ਆਸਟਰੇਲੀਆਈ ਗੇਂਦਬਾਜ਼ਾਂ ਕੋਲ ਉਸ ਦੀ ਟਾਈਮਿੰਗ ਦਾ ਕੋਈ ਜਵਾਬ ਨਹੀਂ ਸੀ। ਕੁਝ ਲੰਬੇ ਸ਼ਾਟਾਂ ਦੇ ਨਾਲ, ਉਸ ਨੇ ਕਵਰ ਦੇ ਉੱਪਰ ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਦੀ ਇਕ ਸਟੀਕ ਲੈਂਥ ਗੇਂਦ ਨੂੰ ਕਵਰ ਦੇ ਪਾਰ ਪਹੁੰਚਾ ਮਾਰ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿਤਾ। ਉਸ ਨੇ ਸਲਾਮੀ ਬੱਲੇਬਾਜ਼ ਡੇਵੋਨ ਕੌਨਵੇ (28) ਨਾਲ 61 ਦੌੜਾਂ, ਡੇਰਿਲ ਮਿਸ਼ੇਲ (54) ਨਾਲ 96 ਦੌੜਾਂ ਅਤੇ ਕਾਰਜਕਾਰੀ ਕਪਤਾਨ ਟੌਮ ਲੈਥਮ (21) ਨਾਲ 54 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੈਚ ਵਿਚ ਬਰਕਰਾਰ ਰਖਿਆ।
ਰਵਿੰਦਰ ਨੇ ਮੈਕਸਵੈੱਲ ਦੀ ਗੇਂਦ ’ਤੇ ਛੱਕਾ ਲਗਾ ਕੇ 77 ਗੇਂਦਾਂ ’ਚ ਇਸ ਵਿਸ਼ਵ ਕੱਪ ਦਾ ਅਪਣਾ ਦੂਜਾ ਸੈਂਕੜਾ ਪੂਰਾ ਕੀਤਾ। ਇਸ ਤਰ੍ਹਾਂ ਉਹ ਕੇਨ ਵਿਲੀਅਮਸਨ, ਮਾਰਟਿਨ ਗੁਪਟਿਲ ਅਤੇ ਗਲੇਨ ਟਰਨਰ ਵਰਗੇ ਬੱਲੇਬਾਜ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਜਿਨ੍ਹਾਂ ਨੇ ਵਿਸ਼ਵ ਕੱਪ ਦੇ ਇਕ ਸੈਸ਼ਨ ’ਚ ਦੋ ਸੈਂਕੜੇ ਲਗਾਏ ਹਨ। ਜਦੋਂ ਉਹ ਕਮਿੰਸ ਦੀ ਗੇਂਦ ’ਤੇ ਮੈਕਸਵੈੱਲ ਨੂੰ ਕੈਚ ਦੇ ਕੇ ਪੈਵੇਲੀਅਨ ਪਰਤਿਆ ਤਾਂ ਆਸਟ੍ਰੇਲੀਆਈ ਖਿਡਾਰੀਆਂ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਹਾਲਾਂਕਿ ਨੀਸ਼ਮ ਨੇ ਚਾਰਜ ਸੰਭਾਲ ਲਿਆ ਅਤੇ ਆਖਰੀ ਓਵਰ ਤਕ ਟੀਮ ਨੂੰ ਮੈਚ ’ਚ ਸੰਭਾਲੀ ਰੱਖਿਆ। ਆਖ਼ਰੀ ਓਵਰ ਵਿੱਚ ਆਸਟਰੇਲੀਆ ਦੀ ਫੀਲਡਿੰਗ ਲਾਜਵਾਬ ਸੀ। ਇਸ ਨਾਲ ਮੈਚ ਵਿਚ ਵੱਡਾ ਫਰਕ ਪਿਆ।
(For more news apart from Cricket World Cup - Australia Vs. New Zealand, stay tuned to Rozana Spokesman)