Under-23 World Wrestling Championship 2024: ਪੁਰਸ਼ਾਂ ਦੇ 57 ਕਿਲੋਗ੍ਰਾਮ ਵਰਗ ’ਚ ਕਿਰਗਿਸਤਾਨ ਦੇ ਅਬਦਿਮਲਿਕ ਕਾਰਾਚੋਵ ਨੂੰ 4-3 ਦੇ ਫ਼ਰਕ ਨਾਲ ਹਰਾਇਆ
Under-23 World Wrestling Championship 2024 : ਪਹਿਲਵਾਨ ਚਿਰਾਗ ਚਿਕਾਰਾ ਨੇ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ। ਚਿਰਾਗ ਤੀਜਾ ਭਾਰਤੀ ਹੈ ਜੋ ਇਸ ਟੂਰਨਾਮੈਂਟ ਦਾ ਚੈਂਪੀਅਨ ਬਣ ਕੇ ਉਭਰਿਆ ਹੈ। ਭਾਰਤ ਨੇ ਇਸ ਤਰ੍ਹਾਂ ਉਮਰ ਵਰਗ ਦੇ ਇਸ ਟੂਰਨਾਮੈਂਟ ’ਚ ਕੁੱਲ ਨੌਂ ਤਗ਼ਮਿਆਂ ਨਾਲ ਆਪਣੀ ਮੁਹਿੰਮ ਨਾਲ ਸਮਾਪਤੀ ਕੀਤੀ।
ਚਿਰਾਗ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ’ਚ ਚੁਣੌਤੀਪੂਰਨ ਹੈ ਅਤੇ ਉਸ ਨੇ ਨਜ਼ਦੀਕੀ ਫਾਈਨਲ ਮੁਕਾਬਲੇ ਵਿੱਚ ਕਿਰਗਿਸਤਾਨ ਦੇ ਅਬਦਿਮਲਿਕ ਕਾਰਾਚੋਵ ਨੂੰ 4-3 ਦੇ ਫ਼ਰਕ ਨਾਲ ਹਰਾਇਆ। ਚਿਰਾਗ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਤੋਂ ਬਾਅਦ ਅੰਡਰ-23 ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਪੁਰਸ਼ ਪਹਿਲਵਾਨ ਹੈ।
ਸਹਿਰਾਵਤ ਨੇ 2022 'ਚ ਮੁਕਾਬਲੇ ਦੇ ਇਸੇ ਭਾਰ ਵਰਗ 'ਚ ਇਹ ਉਪਲਬਧੀ ਹਾਸਲ ਕੀਤੀ ਸੀ, ਜਦਕਿ ਰਿਤਿਕਾ ਹੁੱਡਾ ਪਿਛਲੇ ਸਾਲ 76 ਕਿਲੋਗ੍ਰਾਮ ਵਰਗ 'ਚ ਜਿੱਤ ਕੇ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਰਵੀ ਕੁਮਾਰ ਦਹੀਆ ਨੇ 2018 ਵਿਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਚਿਰਾਗ ਨੇ ਫਾਈਨਲ 'ਚ ਪਹੁੰਚਣ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਗੌਕੋਟੋ ਓਜ਼ਾਵਾ ਨੂੰ 6-1 ਨਾਲ, ਆਖਰੀ ਅੱਠ ਪੜਾਅ ਵਿਚ ਯੂਨਸ ਇਵਬਾਤੀਰੋਵ ਨੂੰ 12-2 ਨਾਲ ਅਤੇ ਸੈਮੀਫਾਈਨਲ ਵਿੱਚ ਐਲਨ ਓਰਲਬੇਕ ਨੂੰ 8-0 ਨਾਲ ਹਰਾਇਆ। ਭਾਰਤ ਦੇ ਮੈਡਲਾਂ ਦੀ ਸੂਚੀ ਵਿਚ ਪੁਰਸ਼ਾਂ ਦੇ ਫ੍ਰੀਸਟਾਈਲ ਵਰਗ ਵਿੱਚ ਦੋ ਕਾਂਸੀ ਦੇ ਤਗਮੇ ਵੀ ਸ਼ਾਮਲ ਹਨ।
ਇਸ ਨਾਲ ਉਹ 82 ਅੰਕ ਲੈ ਕੇ ਟੀਮ ਤਾਲਿਕਾ ਵਿਚ ਇਰਾਨ (158), ਜਾਪਾਨ (102) ਅਤੇ ਅਜ਼ਰਬਾਈਜਾਨ (100) ਤੋਂ ਪਿੱਛੇ ਚੌਥੇ ਸਥਾਨ ’ਤੇ ਹੈ। ਭਾਰਤ ਨੇ ਪੁਰਸ਼ਾਂ ਦੇ ਫਰੀਸਟਾਈਲ ਵਿੱਚ ਦੋ ਹੋਰ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਇਸ ਵਰਗ ’ਚ ਦੇਸ਼ ਦੇ ਤਗਮੇ ਦੀ ਗਿਣਤੀ ਚਾਰ ਹੋ ਗਈ।
ਵਿੱਕੀ ਨੇ ਪੁਰਸ਼ਾਂ ਦੇ 97 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿੱਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗ਼ਮਾ ਜੇਤੂ ਅਤੇ ਯੂਕਰੇਨ ਦੇ ਯੂਰਪੀ ਜੂਨੀਅਰ ਚੈਂਪੀਅਨ ਇਵਾਨ ਪ੍ਰਾਈਮਾਚੇਂਕੋ ਨੂੰ 7-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਵਿੱਕੀ ਨੇ ਪਹਿਲੇ ਗੇੜ ਵਿੱਚ ਜਾਰਜੀਆ ਦੇ ਮੇਰਬ ਸੁਲੇਮਾਨਿਸ਼ਵਿਲੀ ਅਤੇ ਕੁਆਰਟਰ ਫਾਈਨਲ ਵਿੱਚ ਮੋਲਡੋਵਾ ਦੇ ਰਾਡੂ ਲੇਫਟਰ ਨੂੰ ਹਰਾਇਆ ਪਰ ਸੈਮੀਫਾਈਨਲ ਵਿੱਚ ਇਰਾਨ ਦੇ ਮਹਿਦੀ ਹਾਜ਼ਿਲੋਆਨ ਮੋਰਾਫਾ ਤੋਂ ਹਾਰ ਗਿਆ। ਪੁਰਸ਼ਾਂ ਦੇ 70 ਕਿਲੋਗ੍ਰਾਮ ਫ੍ਰੀਸਟਾਈਲ ਵਿਚ ਸੁਜੀਤ ਕਲਕਲ ਨੇ 0-4 ਨਾਲ ਪੱਛੜ ਕੇ ਵਾਪਸੀ ਕੀਤੀ ਅਤੇ ਤਜ਼ਾਕਿਸਤਾਨ ਦੇ ਮੁਸਤਫੋ ਅਖਮੇਦੋਵ ਨੂੰ 13-4 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਸੁਜੀਤ ਨੇ ਪਹਿਲੇ ਦੌਰ 'ਚ ਜਾਰਜੀ ਐਂਟੋਨੋਵ ਜ਼ਿਜ਼ਗੋਵ ਨੂੰ 10-0, ਪ੍ਰੀ-ਕੁਆਰਟਰ 'ਚ ਤੁਗਜਾਰਗਲ ਐਰਡੇਨੇਬੈਟ ਨੂੰ 7-4 ਨਾਲ ਅਤੇ ਕੁਆਰਟਰ ਫਾਈਨਲ 'ਚ ਨਾਰੇਕ ਪੋਹੋਸਿਆਨ ਨੂੰ 6-1 ਨਾਲ ਹਰਾਇਆ ਪਰ ਸੈਮੀਫਾਈਨਲ 'ਚ ਉਹ ਮੈਗੋਮੇਡ ਬਾਸੀਹਾਰ ਖਾਨੀਏਵ ਤੋਂ 4-8 ਨਾਲ ਹਾਰ ਗਿਆ।
(For more news apart from Under-23 World Wrestling Championship 2024 , Chirag Chikara wins gold medal News in Punjabi, stay tuned to Rozana Spokesman)