
ਸੰਗਰੂਰ ਜ਼ਿਲ੍ਹੇ ਅੰਦਰ 162 ਤੱਕ ਪਹੁੰਚਿਆ ਹਵਾ ਪ੍ਰਦੂਸ਼ਣ ਦਾ ਪੱਧਰ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ) : ਪੰਜਾਬ ਅੰਦਰ ਬਣੀ ਨਵੀਂ ਸਰਕਾਰ ਨੂੰ ਲੋਕਾਂ ਬਦਲਾਅ ਦੀ ਸਰਕਾਰ ਕਹਿ ਰਹੇ ਹਨ ਤੇ ਬਦਲਾਅ ਦੇ ਇਸ ਦੌਰ ਵਿੱਚ ਕਣਕ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਪਿਛਲੇ 48 ਘੰਟਿਆਂ ਦੇ ਦੌਰਾਨ ਸੂਬੇ ਅੰਦਰ ਖੇਤਾਂ ਵਿੱਚ ਅੱਗ ਲੱਗਣ ਦੇ 2029 ਮਾਮਲੇ ਸਾਹਮਣੇ ਆਏ ਹਨ | ਜਿਸ ਵਿੱਚੋਂ ਸਭ ਤੋਂ ਜ਼ਿਆਦਾ ਮਾਮਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ।
Straw Burning
ਸੇਟੇਲਾਈਟ ਦੇ ਜ਼ਰੀਏ ਰਿਮੋਟ ਸੈਂਸਿੰਗ ਸਿਸਟਮ 'ਤੇ ਦਰਜ ਹੋਏ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ 1064 ਅਤੇ ਵੀਰਵਾਰ ਨੂੰ 964 ਮਾਮਲੇ ਖੇਤਾਂ ਵਿੱਚ ਅੱਗ ਲੱਗਣ ਦੇ ਦਰਜ ਕੀਤੇ ਗਏ ਹਨ। ਪਿਛਲੇ ਸਾਲ ਦੀ ਤੁਲਨਾ ਨਾਲੋਂ ਪੰਜਾਬ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ 28 ਅਪ੍ਰੈਲ ਤੱਕ 964 ਅੱਗ ਲੱਗਣ ਦੇ ਮਾਮਲੇ ਦਰਜ ਕੀਤੇ ਗਏ ਸਨ, ਜਦਕਿ ਇਸ ਸਾਲ ਇਹ ਅੰਕੜਾ ਕਾਫ਼ੀ ਵੱਧ ਗਿਆ ਹੈ।
Straw Burning
ਖੇਤਾਂ ਵਿੱਚ ਅੱਗ ਲੱਗਣ ਦੇ ਸਭ ਤੋਂ ਜ਼ਿਆਦਾ ਮਾਮਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਸੰਗਰੂਰ ਤੋਂ ਮਿਲੇ ਹਨ। ਸੈਟੇਲਾਈਟ ਰਿਪੋਰਟ ਦੇ ਅਨੁਸਾਰ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ 327 ਮਾਮਲੇ ਦਰਜ ਕੀਤੇ ਗਏ ਹਨ। ਇਸਦੇ ਨਾਲ ਹੀ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਵੀ 327 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਅੰਦਰ ਵੀ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।
ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਲੈ ਕੇ 20 ਅਪ੍ਰੈਲ ਤੱਕ ਲੁਧਿਆਣਾ ਵਿੱਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਮਹਿਜ 9 ਮਾਮਲੇ ਹੀ ਸਾਹਮਣੇ ਆਏ ਸੀ | ਇਸਤੋਂ ਬਾਅਦ ਇਨ੍ਹਾਂ ਮਾਮਲਿਆਂ ਵਿੱਚ ਤੇਜ਼ੀ ਨਾਲ ਇਜ਼ਾਫਾ ਦੇਖਣ ਨੂੰ ਮਿਲਿਆ ਤੇ ਅਪ੍ਰੈਲ 28 ਤੱਕ ਇਹ ਅੰਕੜਾ 107 ਤੱਕ ਪਹੁੰਚ ਗਿਆ। ਖੇਤਾਂ ਵਿੱਚ ਅੱਗ ਲਗਾਉਣ ਦੇ ਮਾਮਲੇ ਵਧਣ ਸਦਕਾ ਪੰਜਾਬ ਅੰਦਰ ਪ੍ਰਦੂਸ਼ਣ ਦਾ ਪੱਧਰ ਵੀ ਕਾਫ਼ੀ ਵੱਧ ਗਿਆ ਹੈ | ਜਿਸਦੀ ਵਜ੍ਹਾ ਨਾਲ ਹਵਾ ਵਿੱਚ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ ਤੇ ਤਾਪਮਾਨ ਵਿੱਚ ਵੀ ਕਾਫ਼ੀ ਵਾਧਾ ਹੋ ਰਿਹਾ ਹੈ।
Paddy straw
ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਗੁਣਵੱਤਾ ਸੂਚੀ ਵਿੱਚ 162, ਲੁਧਿਆਣਾ 150, ਜਲੰਧਰ 145 ਅਤੇ ਅੰਮ੍ਰਿਤਸਰ 145 ਦਿਖਾ ਰਿਹਾ ਹੈ। ਏਕਿਯੂਆਈ ਇੰਡੈਕਸ 'ਤੇ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ 90 ਤੋਂ ਉਪਰ ਹੋਣਾ ਸਿਹਤ ਦੇ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ, ਜਦਕਿ 120 ਤੋਂ ਉਪਰ ਦਾ ਪੱਧਰ ਸਾਹ ਲੈਣ ਦੇ ਅਨੁਕੂਲ ਨਹੀਂ ਮੰਨਿਆ ਜਾਂਦਾ।