
ਇਸ ਮੈਚ ਵਿਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ
ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਖਿਲਾਫ਼ ਟੀ-20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਟੀਮ ਇੰਡੀਆ ਨੇ ਤਿਰੂਵਨੰਤਪੁਰਮ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਮੈਚ ਵਿਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਉਸ ਨੇ ਮੈਚ ਤੋਂ ਬਾਅਦ ਆਪਣੀ ਪੂਰੀ ਯੋਜਨਾ ਵੀ ਦੱਸੀ।
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਦੱਖਣੀ ਅਫ਼ਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਦੱਖਣੀ ਅਫ਼ਰੀਕਾ ਦੀ ਟੀਮ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਹੀ ਬਣਾ ਸਕੀ। ਕੇਸ਼ਵ ਮਹਾਰਾਜ ਨੇ ਸਭ ਤੋਂ ਵੱਧ 41 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ 35 ਗੇਂਦਾਂ ਵਿਚ ਪੰਜ ਚੌਕੇ ਤੇ ਦੋ ਛੱਕੇ ਲਾਏ।
ਅਰਸ਼ਦੀਪ ਸਿੰਘ ਨੇ ਕਵਿੰਟਨ ਡੀ ਕਾਕ, ਰਿਲੇ ਰੋਸੋ ਅਤੇ ਡੇਵਿਡ ਮਿਲਰ ਦੀਆਂ ਵਿਕਟਾਂ ਲਈਆਂ। ਦੀਪਕ ਚਾਹਰ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਦੇ ਹੋਏ ਕੇਐੱਲ ਰਾਹੁਲ (51*) ਅਤੇ ਸੂਰਿਆਕੁਮਾਰ ਯਾਦਵ (50*) ਨੇ ਅਰਧ ਸੈਂਕੜੇ ਬਣਾਏ ਅਤੇ ਤੀਜੀ ਵਿਕਟ ਲਈ ਅਜੇਤੂ 93 ਦੌੜਾਂ ਦੀ ਸਾਂਝੇਦਾਰੀ ਕੀਤੀ।
ਅਰਸ਼ਦੀਪ ਸਿੰਘ ਨੇ ਮੈਨ ਆਫ਼ ਦਾ ਮੈਚ ਚੁਣੇ ਜਾਣ ਤੋਂ ਬਾਅਦ ਕਿਹਾ, ‘ਡੀਸੀ ਭਾਈ (ਦੀਪਕ ਚਾਹਰ) ਨੇ ਪਹਿਲੇ ਓਵਰ ਵਿਚ ਹੀ ਲੈਅ ਬਣਾਈ। ਸਾਨੂੰ ਪਤਾ ਸੀ ਕਿ ਪਿੱਚ ਨੇ ਬਹੁਤ ਮਦਦ ਕੀਤੀ। ਸਾਡੀ ਯੋਜਨਾ ਇਸ ਨੂੰ ਸਧਾਰਨ ਰੱਖਣ ਅਤੇ ਸਹੀ ਥਾਵਾਂ 'ਤੇ ਗੇਂਦਬਾਜ਼ੀ ਕਰਨ ਦੀ ਸੀ। ਮੈਂ ਤਰੋਤਾਜ਼ਾ ਹਾਂ, NCA ਵਿਚ ਵਧੀਆ ਸਿਖਲਾਈ ਸੈਸ਼ਨ ਰਿਹਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਸੋਚ ਰਿਹਾ ਸੀ ਕਿ ਜੇਕਰ ਉਹ ਮੈਨ ਆਫ ਦਾ ਮੈਚ ਚੁਣਿਆ ਗਿਆ ਤਾਂ ਉਹ ਕੀ ਕਹੇਗਾ। ਉਸ ਨੇ ਕਿਹਾ, 'ਮੈਂ ਸੋਚ ਰਿਹਾ ਸੀ ਕਿ ਜੇਕਰ ਮੈਨੂੰ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਦਾ ਹੈ ਤਾਂ ਮੈਂ ਕੀ ਕਹਾਂ। ਮੈਂ ਇਸ ਬਾਰੇ ਸੋਚ ਕੇ ਥੋੜ੍ਹਾ ਉਤਸ਼ਾਹਿਤ ਹੋ ਗਿਆ। ਮੈਂ ਡੇਵਿਡ ਮਿਲਰ ਦੀ ਵਿਕਟ ਦਾ ਆਨੰਦ ਮਾਣਿਆ ਕਿਉਂਕਿ ਮੈਂ ਸੋਚਿਆ ਕਿ ਉਹ ਆਊਟ ਸਵਿੰਗਰ ਦੀ ਉਮੀਦ ਕਰ ਰਿਹਾ ਸੀ ਪਰ ਮੈਂ ਇਸ ਦੀ ਬਜਾਏ ਇੱਕ ਇਨਸਵਿੰਗਰ ਨੂੰ ਗੇਂਦਬਾਜ਼ੀ ਕੀਤੀ। ਉਸ (ਮਹਾਰਾਜ) ਨੇ ਵੀ ਵਿਕਟ ਲੈਣ ਬਾਰੇ ਸੋਚਿਆ ਸੀ ਪਰ ਉਹ ਚੰਗਾ ਖੇਡਿਆ ਅਤੇ ਯੋਜਨਾ ਕੁਝ ਹੋਰ ਹੋ ਸਕਦੀ ਸੀ।
ਦੱਸ ਦਈਏ ਕਿ ਅਦਾਕਾਰਾ ਪ੍ਰਿਟੀ ਜੰਟਾ ਨੇ ਵੀ ਟਵੀਟ ਕਰ ਕੇ ਅਰਸ਼ਦੀਪ ਦੀ ਤਾਰੀਫ਼ ਕੀਤੀ ਹੈ।