ਪੰਜ ਸਾਲ ਤੋਂ ਚੱਲੀ ਆਉਂਦੀ ਖ਼ਿਤਾਬੀ ਘਾਟ ਵੀ ਦੂਰ ਕੀਤੀ।
ਮਲੇਸ਼ੀਆ - ਪੈਨਲਟੀ ਸ਼ੂਟਆਊਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਸ਼ਨੀਵਾਰ ਦੇ ਦਿਨ ਆਸਟਰੇਲੀਆ ਨੂੰ 5-4 ਨਾਲ ਹਰਾ ਕੇ ਤੀਜਾ ਸੁਲਤਾਨ ਜੋਹੋਰ ਕੱਪ ਦਾ ਤਾਜ ਆਪਣੇ ਨਾਂਅ ਕੀਤਾ, ਅਤੇ ਪੰਜ ਸਾਲ ਤੋਂ ਚੱਲੀ ਆਉਂਦੀ ਖ਼ਿਤਾਬੀ ਘਾਟ ਵੀ ਦੂਰ ਕੀਤੀ। ਖ਼ਿਤਾਬੀ ਮੁਕਾਬਲੇ ਵਿੱਚ ਨਿਯਮਿਤ ਸਮੇਂ ਤੋਂ ਬਾਅਦ ਟੀਮਾਂ 1-1 ਨਾਲ ਬਰਾਬਰ ਸਨ। ਸ਼ੂਟਆਊਟ ਵਿੱਚ, ਦੋਵੇਂ ਟੀਮਾਂ 3-3 ਦੇ ਸਕੋਰ ਨਾਲ ਸਮਾਪਤ ਹੋ ਗਈਆਂ, ਜਿਸ ਨਾਲ ਮੈਚ ਅਚਾਨਕ ਅਜੀਬ ਮੋੜ 'ਤੇ ਅਟਕ ਗਿਆ।
ਉੱਤਮ ਸਿੰਘ ਨੇ ਸਡਨ ਡੈੱਥ ਸਮੇਤ ਸ਼ੂਟਆਊਟ 'ਚ ਦੋ ਗੋਲ ਕੀਤੇ, ਜਦਕਿ ਵਿਸ਼ਨੂਕਾਂਤ ਸਿੰਘ, ਅੰਕਿਤ ਪਾਲ, ਸੁਦੀਪ ਚਿਰਮਾਕੋ ਨੇ ਵੀ ਭਾਰਤ ਦਾ ਸਕੋਰ ਚਾਰਟ ਚਮਕਾਇਆ। ਆਸਟ੍ਰੇਲੀਆ ਲਈ ਬਰਨਜ਼ ਕੂਪਰ, ਫ਼ੋਸਟਰ ਬ੍ਰੋਡੀ, ਬਰੂਕਸ ਜੋਸ਼ੂਆ ਅਤੇ ਹਾਰਟ ਲਿਆਮ ਨੇ ਸਕੋਰਸ਼ੀਟ 'ਤੇ ਆਪਣੇ ਨਾਂ ਦਰਜ ਕੀਤੇ। ਮੈਚ ਦੇ 13ਵੇਂ ਮਿੰਟ ਵਿੱਚ ਪਹਿਲਾ ਗੋਲ ਕਰਕੇ ਪਹਿਲਾ ਹੱਲਾ ਸੁਦੀਪ ਨੇ ਬੋਲਿਆ, ਪਰ ਜੈਕ ਹੋਲਾਡ ਨੇ 28ਵੇਂ ਮਿੰਟ ਵਿੱਚ ਗੋਲ ਕਰਕੇ ਬਰਾਬਰੀ ਕਰ ਦਿੱਤੀ।
ਇਹ ਟੂਰਨਾਮੈਂਟ ਭਾਰਤੀ ਟੀਮਾਂ ਦੋ ਵਾਰ 2013 ਅਤੇ 2014 'ਚ ਜਿੱਤ ਚੁੱਕੀਆਂ ਹਨ, ਅਤੇ 2012, 2015, 2018 ਅਤੇ 2019 ਵਿੱਚ ਚਾਰ ਵਾਰ ਦੂਜੇ ਸਥਾਨ 'ਤੇ ਰਹੀਆਂ। 2020 ਅਤੇ 2021 ਵਿੱਚ ਕੋਰੋਨਾ ਮਹਾਮਾਰੀ ਕਰਕੇ ਇਸ ਟੂਰਨਾਮੈਂਟ ਦਾ ਆਯੋਜਨ ਨਹੀਂ ਕੀਤਾ ਗਿਆ ਸੀ।