
ਪ੍ਰੀਤੀ ਪਾਲ ਨੇ ਔਰਤਾਂ ਦੇ ਟੀ35 100 ਮੀਟਰ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ
Preethi Pal : ਭਾਰਤ ਦੀ ਪ੍ਰੀਤੀ ਪਾਲ ਨੇ ਸ਼ੁਕਰਵਾਰ ਨੂੰ ਇੱਥੇ ਮਹਿਲਾ ਟੀ-35 100 ਮੀਟਰ ਮੁਕਾਬਲੇ ’ਚ 14.21 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। 23 ਸਾਲ ਦੀ ਪ੍ਰੀਤੀ ਜ਼ਿੰਦਾ ਦਾ ਕਾਂਸੀ ਦਾ ਤਮਗਾ ਪੈਰਿਸ ਪੈਰਾਲੰਪਿਕ ’ਚ ਪੈਰਾ-ਅਥਲੈਟਿਕਸ ’ਚ ਭਾਰਤ ਲਈ ਪਹਿਲਾ ਤਮਗਾ ਹੈ।
ਚੀਨ ਦੀ ਝੋਊ ਜੀਆ (13.58) ਨੇ ਸੋਨ ਤਮਗਾ ਅਤੇ ਗੁਓ ਕਿਆਨਕਿਆਨ (13.74) ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਟੀ-35 ਵਰਗੀਕਰਨ ਹਾਈਪਰਟੋਨੀਆ, ਐਟੈਕਸੀਆ ਅਤੇ ਐਥੀਟੋਸਿਸ ਅਤੇ ਸੈਰੀਬ੍ਰਲ ਪਾਲਸੀ ਵਰਗੇ ਅਪੰਗਤਾਵਾਂ ਵਾਲੇ ਐਥਲੀਟਾਂ ਲਈ ਹੈ।
ਇਸ ਤੋਂ ਇਲਾਵਾ ਪੈਰਿਸ ਪੈਰਾਲੰਪਿਕ ’ਚ ਔਰਤਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ‘ਵੰਡਰ ਗਰਲ’ ਅਵਨੀ ਲੇਖਾਰਾ ਪੈਰਾਲੰਪਿਕ ’ਚ ਦੋ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਤਿੰਨ ਸਾਲ ਪਹਿਲਾਂ ਟੋਕੀਓ ’ਚ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਅਵਨੀ ਨੇ 249.7 ਦਾ ਸਕੋਰ ਕਰ ਕੇ ਅਪਣਾ ਹੀ 249.6 ਦਾ ਪੁਰਾਣਾ ਰੀਕਾਰਡ ਤੋੜ ਦਿਤਾ। ਜਦਕਿ ਦੋ ਸਾਲ ਪਹਿਲਾਂ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕਰਨ ਵਾਲੀ ਮੋਨਾ ਨੇ 228.7 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ।