
ਰੁੜਕੀ ਦੇ ਨਰਸਾਨ ਬਾਰਡਰ 'ਤੇ ਹਮਾਦਪੁਰ ਝਾਲ ਨੇੜੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਮੁੰਬਈ - ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਰੁੜਕੀ ਵਿਚ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ 'ਚ ਪੰਤ ਦੇ ਸਿਰ ਅਤੇ ਲੱਤ 'ਤੇ ਸੱਟ ਲੱਗੀ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਪੂਰੀ ਤਰ੍ਹਾਂ ਸੜ ਗਈ। ਕਾਰ ਦਾ ਸ਼ੀਸ਼ਾ ਤੋੜ ਕੇ ਪੰਤ ਨੂੰ ਬਾਹਰ ਕੱਢਿਆ ਗਿਆ ਅਤੇ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਪੰਤ ਦਿੱਲੀ ਤੋਂ ਉਤਰਾਖੰਡ ਸਥਿਤ ਆਪਣੇ ਘਰ ਪਰਤ ਰਹੇ ਸਨ। ਰੁੜਕੀ ਦੇ ਨਰਸਾਨ ਬਾਰਡਰ 'ਤੇ ਹਮਾਦਪੁਰ ਝਾਲ ਨੇੜੇ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਪੰਤ ਦੇ ਸਿਰ ਅਤੇ ਲੱਤ 'ਤੇ ਸੱਟ ਲੱਗੀ ਹੈ। ਉਸ ਦੀ ਪਿੱਠ 'ਤੇ ਵੀ ਕਾਫੀ ਸੱਟ ਲੱਗੀ ਹੈ। ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪੰਤ ਦੀ ਕਾਰ ਬਹੁਤ ਤੇਜ਼ ਰਫ਼ਤਾਰ 'ਤੇ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਰੇਲਿੰਗ ਤੋੜ ਕੇ ਦੂਜੇ ਪਾਸੇ ਪਹੁੰਚ ਗਈ, ਜਿਸ ਤੋਂ ਬਾਅਦ ਇਸ 'ਚ ਅੱਗ ਲੱਗ ਗਈ। ਘਟਨਾ ਸਵੇਰੇ ਸਾਢੇ ਪੰਜ ਵਜੇ ਦੀ ਦੱਸੀ ਜਾ ਰਹੀ ਹੈ।
Rishabh Pant Accident
ਜਿੱਥੇ ਇਹ ਹਾਦਸਾ ਵਾਪਰਿਆ, ਉੱਥੇ ਬਲਾਈਂਡ ਸਪਾਟ ਹੈ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਹਾਦਸੇ ਤੋਂ ਬਾਅਦ ਰਾਹਗੀਰਾਂ ਦੀ ਸੂਚਨਾ 'ਤੇ ਗੰਭੀਰ ਰੂਪ 'ਚ ਜ਼ਖਮੀ ਹੋਏ ਰਿਸ਼ਭ ਪੰਤ ਨੂੰ ਦਿੱਲੀ ਰੋਡ 'ਤੇ ਸਥਿਤ ਸਕਸ਼ਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸ਼ੁਰੂਆਤ 'ਚ ਪੰਤ ਦੀ ਹਾਲਤ ਨਾਜ਼ੁਕ ਸੀ ਪਰ ਹੌਲੀ-ਹੌਲੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਇਆ।
ਪੰਤ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਲਿਜਾਇਆ ਗਿਆ। ਉਹ ਇੱਥੇ ਪਲਾਸਟਿਕ ਸਰਜਰੀ ਵੀ ਕਰਵਾਉਣਗੇ। ਸਕਸ਼ਮ ਹਸਪਤਾਲ ਦੇ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਰਿਸ਼ਭ ਪੰਤ ਦੀ ਲੱਤ ਟੁੱਟ ਗਈ ਹੈ ਅਤੇ ਮੱਥੇ 'ਤੇ ਵੀ ਸੱਟ ਲੱਗੀ ਹੈ। ਮੱਥੇ 'ਤੇ ਕੁਝ ਟਾਂਕੇ ਲਗਾਏ ਗਏ ਹਨ।
Rishabh Pant Accident
ਦੱਸਿਆ ਜਾ ਰਿਹਾ ਹੈ ਕਿ ਪੰਤ ਦੀ ਕਾਰ ਤੇਜ਼ ਰਫ਼ਤਾਰ ਨਾਲ ਡਿਵਾਈਡਰ ਦੀ ਸਾਈਡ 'ਤੇ ਲੱਗੀ ਲੋਹੇ ਦੀ ਮਜ਼ਬੂਤ ਰੇਲਿੰਗ ਨਾਲ ਟਕਰਾ ਗਈ ਅਤੇ ਰੇਲਿੰਗ ਤੋੜ ਕੇ ਦੂਜੇ ਪਾਸੇ ਜਾ ਪਹੁੰਚੀ। ਤੇਜ਼ ਰਫ਼ਤਾਰ ਹੋਣ ਕਾਰਨ ਕਾਰ ਲਗਭਗ 200 ਮੀਟਰ ਤੱਕ ਫਿਸਲਣ ਤੋਂ ਬਾਅਦ ਰੁਕ ਗਈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਦੱਸਿਆ ਗਿਆ ਹੈ ਕਿ ਮੌਕੇ 'ਤੇ ਪਹੁੰਚੇ ਰਾਹਗੀਰਾਂ ਨੇ ਕਿਸੇ ਤਰ੍ਹਾਂ ਸ਼ੀਸ਼ਾ ਤੋੜ ਕੇ ਰਿਸ਼ਭ ਪੰਤ ਨੂੰ ਬਾਹਰ ਕੱਢਿਆ। ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਨਾਰਸਨ ਤੋਂ ਰੁੜਕੀ ਵੱਲ ਕਰੀਬ ਅੱਠ ਕਿਲੋਮੀਟਰ ਦੂਰ ਸਥਿਤ ਸਕਸ਼ਮ ਹਸਪਤਾਲ ਲੈ ਗਏ।
ਜਿਸ ਮਰਸੀਡੀਜ਼ ਕਾਰ 'ਚ ਰਿਸ਼ਭ ਪੰਤ ਘਰ ਪਰਤ ਰਹੇ ਸਨ, ਉਸ ਦੀ ਨੰਬਰ ਪਲੇਟ DL 10 CN 1717 ਹੈ। ਹਾਦਸੇ ਤੋਂ ਬਾਅਦ ਪੰਤ ਦੀ ਕਾਰ 'ਚੋਂ ਪੈਸੇ ਵੀ ਡਿੱਗ ਗਏ ਸਨ, ਜਿਸ ਨੂੰ ਸਥਾਨਕ ਲੋਕਾਂ ਨੇ ਚੁੱਕ ਲਿਆ। ਹਾਦਸੇ ਸਮੇਂ ਪੰਤ ਕਾਰ ਵਿਚ ਇਕੱਲਾ ਸੀ ਅਤੇ ਉਸ ਦੀ ਕਾਰ ਵਿਚ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਸਨ। ਸਵੇਰ ਸਮੇਂ ਉਹਨਾਂ ਦੀ ਅੱਖ ਲੱਗ ਗਈ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ।
ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 'ਚ ਰਿਸ਼ਭ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਦੂਜੇ ਟੈਸਟ 'ਚ ਉਹ ਸੈਂਕੜਾ ਲਗਾਉਣ ਤੋਂ ਖੁੰਝ ਗਏ ਸਨ ਪਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਉਸ ਨੇ ਭਾਰਤ ਨੂੰ ਮੈਚ 'ਚ ਅੱਗੇ ਕਰ ਦਿੱਤਾ ਸੀ ਅਤੇ ਇਹੀ ਕਾਰਨ ਹੈ ਕਿ ਟੀਮ ਇੰਡੀਆ ਨੇ ਦੂਜੀ ਪਾਰੀ 'ਚ ਮਹੱਤਵਪੂਰਨ ਬੱਲੇਬਾਜ਼ਾਂ ਦੀ ਅਸਫ਼ਲਤਾ ਦੇ ਬਾਵਜੂਦ ਮੈਚ ਜਿੱਤ ਲਿਆ। ਹਾਲਾਂਕਿ ਹਾਲ ਹੀ 'ਚ ਵਨਡੇ ਅਤੇ ਟੀ-20 'ਚ ਖ਼ਰਾਬ ਪ੍ਰਦਰਸ਼ਨ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।