
ਪੈਰਾਲੰਪਿਕ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਿਸਤੌਲ ਨਿਸ਼ਾਨੇਬਾਜ਼ ਵੀ ਬਣੀ
ਸ਼ੈਟਰਾਉ/ਪੈਰਿਸ: ਭਾਰਤੀ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਸਨਿਚਰਵਾਰ ਨੂੰ ਪੈਰਿਸ ਪੈਰਾਲੰਪਿਕ ਦੇ 10 ਮੀਟਰ ਏਅਰ ਪਿਸਟਲ ਐਸਐਚ1 ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਤਮਗੇ ਦੀ ਗਿਣਤੀ ’ਚ ਵਾਧਾ ਕੀਤਾ, ਜਦਕਿ ਬੈਡਮਿੰਟਨ ਖਿਡਾਰੀ ਨਿਤੇਸ਼ ਕੁਮਾਰ ਅਤੇ ਸੁਕਾਂਤ ਕਦਮ ਸੈਮੀਫਾਈਨਲ ’ਚ ਪਹੁੰਚ ਗਏ ਹਨ।
ਰੁਬੀਨਾ ਦਾ ਕਾਂਸੀ ਤਮਗਾ ਨਿਸ਼ਾਨੇਬਾਜ਼ੀ ’ਚ ਦੇਸ਼ ਦਾ ਚੌਥਾ ਤਮਗਾ ਸੀ। ਉਹ ਪੈਰਾਲੰਪਿਕ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਿਸਤੌਲ ਨਿਸ਼ਾਨੇਬਾਜ਼ ਹੈ।
ਮੌਜੂਦਾ ਚੈਂਪੀਅਨ ਅਤੇ ਵਿਸ਼ਵ ਰੀਕਾਰਡ ਧਾਰਕ ਨਿਸ਼ਾਨੇਬਾਜ਼ਾਂ ਨਾਲ ਮੁਕਾਬਲਾ ਕਰਦੇ ਹੋਏ 25 ਸਾਲ ਦੀ ਰੁਬੀਨਾ ਨੇ ਕੁਲ 211.1 ਅੰਕ ਹਾਸਲ ਕਰ ਕੇ ਅੱਠ ਮਹਿਲਾ ਫਾਈਨਲ ’ਚ ਤੀਜਾ ਸਥਾਨ ਹਾਸਲ ਕੀਤਾ। ਉਸ ਨੇ ਕੁਆਲੀਫਿਕੇਸ਼ਨ ਗੇੜ ’ਚ ਸੱਤਵੇਂ ਸਥਾਨ ’ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ।
ਈਰਾਨ ਦੀ ਜਵਾਨਮਾਰਦੀ ਸਰੇਹ ਨੇ 236.8 ਦੇ ਕੁਲ ਸਕੋਰ ਨਾਲ ਲਗਾਤਾਰ ਤੀਜਾ ਪੈਰਾਲੰਪਿਕ ਸੋਨ ਤਮਗਾ ਜਿੱਤਿਆ ਜਦਕਿ ਵਿਸ਼ਵ ਰੀਕਾਰਡ ਧਾਰਕ ਤੁਰਕੀ ਦੀ ਓਜ਼ਗਨ ਆਇਸਲ ਨੇ 231.1 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਐਸਐਚ 1 ਸ਼੍ਰੇਣੀ ’ਚ ਉਹ ਪੈਰਾ ਨਿਸ਼ਾਨੇਬਾਜ਼ ਹਿੱਸਾ ਲੈਂਦੇ ਹਨ ਜੋ ਬੰਦੂਕ ਸੰਭਾਲਦੇ ਸਮੇਂ ਵ੍ਹੀਲਚੇਅਰ ਜਾਂ ਕੁਰਸੀ ’ਤੇ ਬੈਠਣ ਜਾਂ ਖੜ੍ਹੇ ਹੋਣ ਦੌਰਾਨ ਬਿਨਾਂ ਕਿਸੇ ਮੁਸ਼ਕਲ ਦੇ ਸ਼ੂਟਿੰਗ ਕਰ ਸਕਦੇ ਹਨ। ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਇਕ ਮਕੈਨਿਕ ਦੀ ਧੀ ਰੁਬੀਨਾ ਦਾ ਜਨਮ ਇਕ ਲੱਤ ’ਚ ਅਪੰਗਤਾ ਨਾਲ ਹੋਇਆ ਸੀ। ਮਹਾਨ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਦੀਆਂ ਓਲੰਪਿਕ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ, ਉਹ ਨਿਸ਼ਾਨੇਬਾਜ਼ੀ ’ਚ ਆਈ।
ਰੁਬੀਨਾ ਦੀ ਪ੍ਰਤਿਭਾ ਨੂੰ 2015 ’ਚ ਗਨ ਫਾਰ ਗਲੋਰੀ ਅਕੈਡਮੀ ਨੇ ਮਾਨਤਾ ਦਿਤੀ ਸੀ ਅਤੇ ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹ ਟੋਕੀਓ ਪੈਰਾਲੰਪਿਕ ’ਚ ਵੀ ਸੱਤਵੇਂ ਸਥਾਨ ’ਤੇ ਰਹੀ ਸੀ। ਉਸ ਨੂੰ ਮਸ਼ਹੂਰ ਕੋਚ ਜਸਪਾਲ ਰਾਣਾ ਦੇ ਛੋਟੇ ਭਰਾ ਸੁਭਾਸ਼ ਰਾਣਾ ਨੇ ਸਿਖਲਾਈ ਦਿਤੀ ਹੈ। ਨਿਤੇਸ਼ ਤੇ ਸੁਕਾਂਤ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚੇ।
ਭਾਰਤੀ ਸ਼ਟਲਰ ਨਿਤੇਸ਼ ਕੁਮਾਰ ਅਤੇ ਸੁਕਾਂਤ ਕਦਮ ਨੇ ਅਪਣੇ ਪਿਛਲੇ ਗਰੁੱਪ ਮੈਚਾਂ ’ਚ ਸਿੱਧੇ ਗੇਮ ਜਿੱਤ ਦਰਜ ਕਰ ਕੇ ਕ੍ਰਮਵਾਰ ਪੁਰਸ਼ ਸਿੰਗਲਜ਼ ਐਸ.ਐਲ. 3 ਅਤੇ ਐਸ.ਐਲ. 4 ਸ਼੍ਰੇਣੀਆਂ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਇਸੇ ਗਰੁੱਪ ਦੇ ਇਕ ਹੋਰ ਮੈਚ ਵਿਚ ਟੋਕੀਓ ਪੈਰਾਲੰਪਿਕ ਦੇ ਕਾਂਸੀ ਤਮਗਾ ਜੇਤੂ ਮਨੋਜ ਸਰਕਾਰ ਨੇ ਚੀਨ ਦੇ ਯਾਂਗ ਜਿਆਨਯੁਆਨ ਨੂੰ 21-1, 21-11 ਨਾਲ ਹਰਾਇਆ। ਹਾਲਾਂਕਿ ਮਨੋਜ ਬੁੰਸੂਨ ਅਤੇ ਨਿਤੇਸ਼ ਤੋਂ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਸਨ। ਭਾਰਤੀ ਸਾਈਕਲਿਸਟਾਂ ਅਤੇ ਰੋਵਰਾਂ ਨੂੰ ਹਾਲਾਂਕਿ ਪੈਰਾਲੰਪਿਕ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਅਰਸ਼ਦ ਸ਼ੇਖ ਅਤੇ ਜੋਤੀ ਗਡੇਰੀਆ ਅਪਣੇ-ਅਪਣੇ ਟਰੈਕ ਸਾਈਕਲਿੰਗ ਮੁਕਾਬਲਿਆਂ ’ਚ ਪ੍ਰਭਾਵ ਪਾਉਣ ’ਚ ਅਸਫਲ ਰਹੇ ਅਤੇ ਕੁਆਲੀਫਿਕੇਸ਼ਨ ਰਾਊਂਡ ’ਚ ਹਾਰ ਗਏ।