
ਪੰਕਜ ਅਡਵਾਨੀ ਦੀ ਅਗਵਾਈ 'ਚ ਪਾਕਿਸਤਾਨ ਨੂੰ ਹਰਾਇਆ
ਨਵੀਂ ਦਿੱਲੀ, 3 ਮਾਰਚ: ਭਾਰਤ ਦੀ ਪੰਕਜ ਅਡਵਾਨੀ ਅਤੇ ਮਨਨ ਚੰਦਰਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ 'ਚ ਪਾਕਿਸਤਾਨ ਨੂੰ ਹਰਾਉਂਦਿਆਂ ਪਹਿਲਾ ਆਈ.ਬੀ.ਐਸ.ਐਫ਼. ਸਨੂਕਰ ਟੀਮ ਵਿਸ਼ਵ ਕੱਪ ਜਿੱਤ ਲਿਆ ਹੈ। ਸ਼ੁਕਰਵਾਰ ਰਾਤ ਖੇਡੇ ਗਏ ਬੈਸਟ ਆਫ਼ ਫ਼ਾਈਨਲ 'ਚ ਭਾਰਤੀ ਜੋੜੀ ਨੇ 0-2 ਨਾਲ ਪੱਛੜ ਜਾਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਲਗਾਤਾਰ ਤਿੰਨ ਫ਼੍ਰੇਮ ਜਿੱਤਦਿਆਂ ਮੈਚ ਅਤੇ ਖ਼ਿਤਾਬ ਦੋਵੇਂ ਅਪਣੇ ਨਾਮ ਕਰ ਲਏ।ਪਾਕਿਸਤਾਨ ਲਈ ਜ਼ੋਰਦਾਰ ਸ਼ੁਰੂਆਤ ਕਰਦਿਆਂ ਬਾਬਰ ਮਸੀਹ ਨੇ ਪਹਿਲੇ ਫ੍ਰੇਮ 'ਚ ਮਨਨ ਚੰਦਰਾ ਨੂੰ 73-24 ਨਾਲ ਹਰਾਇਆ। ਇਸ ਤੋਂ ਬਾਅਦ ਦੂਜੇ ਫ਼੍ਰੇਮ 'ਚ ਮੁਹੰਮਦ ਆਸਿਫ਼ ਨੇ ਪੰਕਜ ਅਡਵਾਨੀ ਨੂੰ ਕਾਲੀਆਂ ਗੇਂਦਾਂ ਨਾਲ ਖੇਡਦਿਆਂ 61-56 ਨਾਲ ਹਰਾਇਆ। ਤੀਜਾ ਫ਼੍ਰੇਮ ਡਬਲਜ਼ ਮੈਚ ਸੀ, ਜਿਸ 'ਚ ਅਡਵਾਨੀ ਅਤੇ ਚੰਦਰਾ ਨੇ 72-47 ਨਾਲ ਜਿੱਤ ਪ੍ਰਾਪਤ ਕਰਦਿਆਂ ਵਾਪਸੀ ਕੀਤੀ।
ਇਕ ਸਮੇਂ ਭਾਰਤੀ ਜੋੜੀ 0-2 ਨਾਲ ਪਛੜਨ ਤੋਂ ਬਾਅਦ ਤੀਜੇ ਫ਼੍ਰੇਮ 'ਚ ਵੀ 0-30 ਨਾਲ ਪਿੱਛੇ ਸੀ ਪਰ ਮਨਨ ਚੰਦਰਾ ਨੇ 39 ਬ੍ਰੇਕ ਅਤੇ ਅਡਵਾਨੀ ਦੇ ਸ਼ਾਨਦਾਰ ਕਲੀਅਰੈਂਸ ਨੇ ਭਾਰਤੀ ਉਮੀਦਾਂ ਨੂੰ ਕਾਇਮ ਰੱਖਿਆ। ਚੌਥੇ ਫ਼੍ਰੇਮ 'ਚ ਬਾਬਰ ਮਸੀਹ ਵਿਰੁਧ ਅਡਵਾਨੀ 1-20 ਨਾਲ ਪਛੜਦਿਆਂ ਮੁਸ਼ਕਲ 'ਚ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਤਜ਼ਰਬੇ ਦਾ ਕਮਾਲ ਦੇਖਣ ਨੂੰ ਮਿਲਿਆ ਅਤੇ ਟੇਬਲ ਨੂੰ 69 ਬਰੇਕ ਨਾਲ ਕਲੀਅਰ ਕੀਤਾ। (ਏਜੰਸੀ)