ਭਾਰਤੀ ਹਰਫਨਮੌਲਾ ਯੂਸੁਫ ਪਠਾਨ 'ਤੇ ਡੋਪ ਟੈਸਟ 'ਚ ਨਾਕਾਮ ਰਹਿਣ ਦੇ ਕਾਰਨ ਅੱਜ ਪੰਜ ਮਹੀਨੇ ਦੀ ਪੂਰਵ ਪ੍ਰਭਾਵੀ ਮੁਅੱਤਲੀ ਲਗਾਈ ਗਈ ਜੋ 14 ਜਨਵਰੀ ਨੂੰ ਖ਼ਤਮ ਹੋ ਜਾਵੇਗੀ। ਬੀਸੀਸੀਆਈ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਅਣਜਾਣੇ ਵਿਚ ਪ੍ਰਤੀਬੰਧਿਤ ਪਦਾਰਥ ਦਾ ਸੇਵਨ ਕੀਤਾ ਹੈ। ਬੀਸੀਸੀਆਈ ਨੇ ਇਕ ਬਿਆਨ ਵਿਚ ਕਿਹਾ,'' ਯੂਸੁਫ ਪਠਾਨ 'ਤੇ ਡੋਪਿੰਗ ਉਲੰਘਣਾ ਦੇ ਕਾਰਨ ਰੋਕ ਲਗਾਈ ਗਈ ਹੈ। ਉਨ੍ਹਾਂ ਨੇ ਅਣਜਾਣੇ ਵਿਚ ਇਕ ਪ੍ਰਤੀਬੰਧਿਤ ਪਦਾਰਥ ਦਾ ਸੇਵਨ ਕਰ ਲਿਆ ਜੋ ਆਮ ਤੌਰ 'ਤੇ ਸਰਦੀ ਖਾਸੀ ਦੇ ਸਿਰਪ ਵਿਚ ਪਾਇਆ ਜਾਂਦਾ ਹੈ।'' ਪਠਾਨ ਨੇ ਪਿਛਲੇ ਸਾਲ 16 ਮਾਰਚ ਨੂੰ ਇਕ ਘਰੇਲੂ ਟੀ-20 ਟੂਰਨਾਮੈਂਟ ਦੇ ਬਾਅਦ ਬੀਸੀਸੀਆਈ ਦੇ ਡੋਪਿੰਗ ਨਿਰੋਧਕ ਪ੍ਰੀਖਿਆ ਪ੍ਰੋਗਰਾਮ ਦੇ ਤਹਿਤ ਮੂਤਰ ਦਾ ਨਮੂਨਾ ਦਿੱਤਾ ਸੀ।
ਜਾਂਚ 'ਚ ਮਿਲੇ ਸਨ ਟਰਬੂਟੇਲਾਈਨ ਦੇ ਅੰਸ਼
ਬੋਰਡ ਨੇ ਕਿਹਾ, '' ਉਨ੍ਹਾਂ ਦੇ ਨਮੂਨੇ ਦੀ ਜਾਂਚ ਕੀਤੀ ਗਈ ਅਤੇ ਉਸ ਵਿਚ ਟਰਬੂਟੇਲਾਈਨ ਦੇ ਅੰਸ਼ ਮਿਲੇ। ਇਹ ਵਾਡਾ ਦੇ ਪ੍ਰਤੀਬੰਧਿਤ ਪਦਾਰਥਾਂ ਦੀ ਸੂਚੀ ਵਿਚ ਆਉਂਦਾ ਹੈ।'' ਭਾਰਤ ਲਈ 57 ਵਨਡੇ ਅਤੇ 22 ਟੀ-20 ਮੈਚ ਖੇਡ ਚੁਕੇ ਪਠਾਨ 'ਤੇ ਬੀਸੀਸੀਆਈ ਦੇ ਡੋਪਿੰਗ ਨਿਰੋਧਕ ਨਿਯਮਾਂ ਦੀ ਧਾਰਾ 2 . 1 ਦੇ ਤਹਿਤ ਇਲਜ਼ਾਮ ਲਗਾਇਆ ਗਿਆ ਅਤੇ ਇਲਜ਼ਾਮ ਦੇ ਨਿਰਧਾਰਨ ਤੱਕ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਪਠਾਨ ਦੀ ਸਫਾਈ ਤੋਂ ਸੰਤੁਸ਼ਟ ਹੈ ਬੀ.ਸੀ.ਸੀ.ਆਈ.
ਬੀਸੀਸੀਆਈ ਨੇ ਕਿਹਾ, ''ਪਠਾਨ ਨੇ ਇਲਜ਼ਾਮ ਨੂੰ ਸਵੀਕਾਰ ਕਰਦੇ ਹੋਏ ਦੱਸਿਆ ਕਿ ਇਹ ਗਲਤੀ ਨਾਲ ਉਸ ਦਵਾਈ ਨੂੰ ਲੈਣ ਦੇ ਕਾਰਨ ਹੋਇਆ ਹੈ ਜਿਸ ਵਿਚ ਟਰਬੂਟੇਲਾਇਨ ਮੌਜੂਦ ਸੀ। ਉਨ੍ਹਾਂ ਨੂੰ ਗਲਤੀ ਨਾਲ ਇਹ ਦਵਾਈ ਦੇ ਦਿੱਤੀ ਗਈ ਜਦੋਂ ਕਿ ਉਨ੍ਹਾਂ ਨੂੰ ਜੋ ਨੁਸਖਾ ਦਿੱਤਾ ਗਿਆ ਸੀ, ਉਸ ਵਿਚ ਕੋਈ ਪ੍ਰਤੀਬੰਧਿਤ ਦਵਾਈ ਨਹੀਂ ਸੀ। ''ਬੀਸੀਸੀਆਈ ਨੇ ਕਿਹਾ ਕਿ ਉਹ ਪਠਾਨ ਦੀ ਸਫਾਈ ਤੋਂ ਸੰਤੁਸ਼ਟ ਹਨ ਕਿ ਇਹ ਪ੍ਰਦਰਸ਼ਨ ਬਿਹਤਰ ਕਰਨ ਵਾਲੀ ਦਵਾਈ ਨਹੀਂ ਸੀ ਸਗੋਂ ਸਾਹ ਦੀ ਪ੍ਰਣਾਲੀ ਦੇ ਇਨਫੈਕਸ਼ਨ ਲਈ ਗਈ ਸੀ। ਬੀਸੀਸੀਆਈ ਨੇ ਕਿਹਾ ਕਿ ਪਠਾਨ ਨੂੰ ਪਿਛਲੇ ਸਾਲ 28 ਅਕਤੂਬਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਸੀ ਅਤੇ ਬੋਰਡ ਨੇ ਤੈਅ ਕੀਤਾ ਹੈ ਕਿ ਉਸ ਦੀ ਮੁਅੱਤਲੀ 15 ਅਗਸਤ ਤੋਂ ਪਰਭਾਵੀ ਹੋਵੇਗੀ ਅਤੇ ਇਸਦੀ ਮਿਆਦ 14 ਜਨਵਰੀ 2018 ਤੱਕ ਰਹੇਗੀ।
ਯੂਸੁਫ ਨੇ ਫੈਸਲੇ ਦਾ ਕੀਤਾ ਧੰਨਵਾਦ
ਯੂਸੁਫ ਪਠਾਨ ਨੇ ਬੀਸੀਸੀਆਈ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਖੁਸ਼ ਹਾਂ ਕਿ ਤੁਸੀਂ ਇਸ ਕੇਸ ਨੂੰ ਠੀਕ ਤਰੀਕੇ ਨਾਲ ਖਤਮ ਕੀਤਾ। ਉਨ੍ਹਾਂ ਨੇ ਕਿਹਾ ਕਿ 14 ਜਨਵਰੀ ਨੂੰ ਮੇਰੇ ਤੇ ਲੱਗਾ ਬੈਨ ਖ਼ਤਮ ਹੋ ਜਾਵੇਗਾ ਜਿਸਦੇ ਬਾਅਦ ਮੈਂ ਫਿਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰਾਂਗਾ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਮੈਂ ਖੇਡ ਜਗਤ ਦਾ ਦੇਣਾ ਕਦੇ ਨਹੀਂ ਦੇ ਸਕਦਾ, ਜਿਸਨੇ ਮੈਨੂੰ ਜ਼ਿੰਦਗੀ ਵਿਚ ਸਭ ਕੁਝ ਦਿੱਤਾ।
ਆਈ.ਪੀ.ਐੱਲ. ਵਿਚ ਖੇਡਦੇ ਆਉਣਗੇ ਨਜ਼ਰ
ਬੈਨ ਖਤਮ ਹੁੰਦੇ ਹੀ ਯੂਸੁਫ ਫਿਰ ਤੋਂ ਮੈਦਾਨ ਉਤੇ ਪੁਰਾਣੀ ਫਾਰਮ ਵਿਚ ਦਿਖਦੇ ਨਜ਼ਰ ਆਉਣਗੇ। ਇਸਦੇ ਨਾਲ ਹੀ ਉਨ੍ਹਾਂ ਦਾ ਆਈ.ਪੀ.ਐੱਲ. ਸੀਜ਼ਨ 11 ਵਿਚ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਜਨਵਰੀ 27-28 ਨੂੰ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਯੂਸੁਫ ਪਿਛਲੇ ਸੀਜ਼ਨ ਵਿਚ ਕੋਲਕਾਤਾ ਨਾਈਟ ਰਾਈਡਰਸ ਵੱਲੋਂ ਖੇਡੇ ਸਨ, ਪਰ ਇਸ ਵਾਰ ਉਨ੍ਹਾਂ ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ। ਅਜਿਹੇ ਵਿਚ ਆਸ ਹੈ ਕਿ ਯੂਸੁਫ ਨੂੰ ਕੋਈ ਟੀਮ ਚੰਗੀ ਕੀਮਤ 'ਤੇ ਖਰੀਦ ਸਕਦੀ ਹੈ। ਉਹ ਹੁਣ ਤਕ ਖੇਡੇ ਗਏ 149 ਆਈ.ਪੀ.ਐੱਲ. ਮੈਚਾਂ ਵਿਚ 2904 ਦੌੜਾਂ ਬਣਾ ਚੁੱਕੇ ਹਨ, ਜਿਸ ਵਿਚ 1 ਸੈਂਕੜਾ ਅਤੇ 13 ਅਰਧ ਸੈਂਕੜੇ ਵੀ ਸ਼ਾਮਿਲ ਹਨ।