
ਨਵੀਂ ਦਿੱਲੀ, 1
ਸਤੰਬਰ : ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗ਼ਾ ਜਿੱਤਣ ਵਾਲੀ ਪੀ. ਵੀ. ਸਿੰਧੂ ਤੇ ਕਾਂਸੀ
ਤਮਗ਼ਾ ਜੇਤੂ ਸਾਇਨਾ ਨੇਹਵਾਲ ਨੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਵਲੋਂ ਇੱਥੇ ਆਯੋਜਿਤ
ਸਨਮਾਨ ਸਮਾਰੋਹ ਵਿਚ ਵੀਰਵਾਰ ਨੂੰ ਇਕ ਸੁਰ ਵਿਚ ਕਿਹਾ ਕਿ ਭਾਰਤ ਬੈਡਮਿੰਟਨ ਦੀ ਨਵੀਂ
ਸੁਪਰ ਪਾਵਰ ਬਣ ਰਿਹਾ ਹੈ। ਖੇਡ ਮੰਤਰੀ ਗੋਇਲ ਨੇ ਅਪਣੇ ਨਿਵਾਸ 'ਤੇ ਭਾਰਤੀ ਬੈਡਮਿੰਟਨ
ਦੀਆਂ ਇਨ੍ਹਾਂ ਦੋਵੇਂ ਧਾਕੜ ਖਿਡਾਰਨਾਂ ਲਈ ਸਨਮਾਨ ਸਮਾਰੋਹ ਆਯੋਜਤ ਕੀਤਾ ਸੀ।
ਸਮਾਰੋਹ
ਵਿਚ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ, ਸਾਇਨਾ ਦੇ ਕੋਚ ਵਿਮਲ ਕੁਮਾਰ ਤੇ ਚੋਟੀ
ਦਾ ਪੁਰਸ਼ ਖਿਡਾਰੀ ਕਿਦਾਂਬੀ ਸ੍ਰੀਕਾਂਤ ਵੀ ਮੌਜੂਦ ਸਨ। ਗੋਇਲ ਨੇ ਸਾਰੇ ਖਿਡਾਰੀਆਂ ਤੇ
ਕੋਚਾਂ ਨੂੰ ਟਰਾਫ਼ੀ ਦੇ ਕੇ ਸਨਮਾਨਤ ਕੀਤਾ।
ਸਿੰਧੂ ਤੇ ਸਾਇਨਾ ਅਤੇ ਉਨ੍ਹਾਂ ਦੇ ਕੋਚਾਂ
ਨੇ ਇਸ ਮੌਕੇ ਸਰਕਾਰ ਅਤੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਨਵਾਦ
ਦਿੰਦਿਆਂ ਕਿਹਾ ਕਿ ਪੀ.ਐਮ. ਸਰ ਖ਼ੁਦ ਖੇਡਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ ਤੇ
ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਤ ਕਰਦੇ ਰਹਿੰਦੇ ਹਨ। ਇਹ ਸਾਡੇ ਸਾਰਿਆਂ ਲਈ ਵੱਡੇ ਮਾਣ ਦੀ
ਗੱਲ ਹੈ।
ਖਿਡਾਰੀਆਂ ਨੂੰ ਕੋਈ ਟੂਰਨਾਮੈਂਟ ਖੇਡਣ ਤੇ ਚੰਗਾ ਨਤੀਜਾ ਦੇਣ ਤੋਂ ਬਾਅਦ
ਜਦੋਂ ਅਜਿਹਾ ਸਨਮਾਨ ਮਿਲਦਾ ਹੈ ਤਾਂ ਉਸ ਦਾ ਮਨੋਬਲ ਉੱਚਾ ਹੋ ਜਾਂਦਾ ਹੈ। (ਪੀ.ਟੀ.ਆਈ.)