
ਨਵੀਂ
ਦਿੱਲੀ, 22 ਸਤੰਬਰ ਪਾਕਿਸਤਾਨ ਹਾਕੀ ਫ਼ੈਡਰੇਸ਼ਨ ਨੇ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ
ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਟੂਰਨਾਮੈਂਟ ਤੋਂ ਆਪਣਾ ਨਾਮ ਵਾਪਸ ਲੈਣ ਦੀ ਧਮਕੀ ਦਿਤੀ
ਹੈ। ਪੀ.ਐਚ.ਐਫ਼. ਨੇ ਕਿਹਾ ਹੈ ਕਿ ਜਦੋਂ ਤਕ ਭਾਰਤ ਸਾਡੇ ਖਿਡਾਰੀਆਂ ਨੂੰ ਬਿਹਤਰ ਸੁਰੱਖਿਆ
ਅਤੇ ਆਸਾਨੀ ਨਾਲ ਵੀਜ਼ਾ ਉਪਲੱਬਧ ਨਹੀਂ ਕਰਵਾ ਦਿੰਦਾ, ਉਦੋਂ ਤਕ ਸਾਡੀ ਟੀਮ ਭਾਰਤ ਵਿਚ
ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿਚ ਨਹੀਂ ਖੇਡਣ ਜਾਵੇਗੀ।
ਪਾਕਿਸਤਾਨ ਹਾਕੀ ਫ਼ੈਡਰੇਸ਼ਨ
ਦੇ ਪ੍ਰਧਾਨ ਖਾਲਿਦ ਖੋਕਰ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਵਿਚ ਖੇਡੇ ਗਏ ਜੂਨੀਅਰ ਹਾਕੀ
ਵਿਸ਼ਵ ਕੱਪ ਦੌਰਾਨ ਉਨ੍ਹਾਂ ਦੇ ਖਿਡਾਰੀਆਂ ਨੂੰ ਵੀਜ਼ਾ ਸਬੰਧਤ ਕਈ ਮੁਸ਼ਕਲਾਂ ਦਾ ਸਾਹਮਣਾ
ਕਰਨਾ ਪਿਆ ਸੀ। ਪੀ.ਐਚ.ਐਫ਼. ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਇਸਲਾਮਾਬਾਦ ਵਿਚ ਸਥਿਤ
ਭਾਰਤੀ ਹਾਈ ਕਮਿਸ਼ਨ ਨੇ ਪਿਛਲੇ ਸਾਲ ਸਾਡੀ ਜੂਨੀਅਰ ਹਾਕੀ ਟੀਮ ਨੂੰ ਵੀਜ਼ਾ ਜਾਰੀ ਕਰਨ ਤੋਂ
ਮਨਾ ਕਰ ਦਿਤਾ ਸੀ, ਜਦਕਿ ਅਸੀਂ ਸਮੇਂ 'ਤੇ ਇਸ ਲਈ ਅਪਲਾਈ ਵੀ ਕੀਤਾ ਸੀ।
ਪੀ.ਐਚ.ਐਫ਼.
ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੇ ਖਿਡਾਰੀਆਂ ਨੂੰ ਇਕ ਵਾਰ ਫਿਰ ਤੋਂ ਉਸੇ ਸਮੱਸਿਆ ਦਾ
ਸਾਹਮਣਾ ਕਰਨਾ ਪਵੇਗਾ, ਤਾਂ ਸਾਡੀ ਹਾਕੀ ਟੀਮ ਭਾਰਤ ਵਿਚ ਹੋਣ ਵਾਲੇ ਹਾਕੀ ਵਿਸ਼ਵ ਕੱਪ
ਤੋਂ ਅਪਣਾ ਨਾਮ ਵਾਪਸ ਲੈ ਲਵੇਂਗੀ।
ਤੁਹਾਨੂੰ ਦੱਸ ਦਈਏ ਕਿ ਅਗਲੇ ਸਾਲ ਉੜੀਸਾ ਦੇ
ਭੁਵਨੇਸ਼ਵਰ ਵਿਚ ਹਾਕੀ ਵਿਸ਼ਵ ਕੱਪ ਦਾ ਪ੍ਰਬੰਧ ਹੋਣਾ ਹੈ। ਇਹ ਟੂਰਨਾਮੈਂਟ 28 ਨਵੰਬਰ ਤੋਂ
16 ਦਸੰਬਰ 2018 ਤਕ ਕਲਿੰਗਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ 16
ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੇ ਪਹਿਲੀ ਵਾਰ 1982 ਵਿਚ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ
ਕੀਤੀ ਸੀ। ਉਦੋਂ ਇਹ ਟੂਰਨਾਮੈਂਟ ਮੁੰਬਈ ਵਿਚ ਖੇਡਿਆ ਗਿਆ ਸੀ। ਇਸ ਤੋਂ ਬਾਅਦ 2010 ਵਿਚ
ਨਵੀਂ ਦਿੱਲੀ ਵਿਚ ਇਸ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ। (ਪੀ.ਟੀ.ਆਈ.)