
ਜੌਹਾਨਸਬਰਗ : ਓਪਨਰ ਸ਼ਿਖਰ ਧਵਨ (109) ਦੇ ਕਰੀਅਰ ਦੇ 100ਵੇਂ ਮੈਚ ਵਿਚ ਬਣਾਏ ਗਏ ਸ਼ਾਨਦਾਰ ਸੈਂਕਡ਼ੇ ਤੇ ਕਪਤਾਨ ਵਿਰਾਟ ਕੋਹਲੀ (75) ਵਿਚਾਲੇ ਦੂਜੀ ਵਿਕਟ ਲਈ ਹੋਈ 158 ਦੌਡ਼ਾਂ ਦੀ ਸੈਂਕਡ਼ੇ ਵਾਲੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ 6 ਮੈਚਾਂ ਦੀ ਵਨ ਡੇ ਸੀਰੀਜ਼ ਦੇ ਚੌਥੇ ਮੈਚ ਵਿਚ ਸ਼ਨੀਵਾਰ ਨੂੰ ਨਿਰਧਾਰਿਤ 50 ਓਵਰਾਂ ਵਿਚ 7 ਵਿਕਟਾਂ 'ਤੇ 289 ਦੌਡ਼ਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ ਪਰ ਮੀਂਹ ਦੇ ਅਡ਼ਿੱਕੇ ਕਾਰਨ ਮੇਜ਼ਬਾਨ ਟੀਮ ਨੂੰ 28 ਓਵਰਾਂ ਵਿਚ 202 ਦੌਡ਼ਾਂ ਦਾ ਟੀਚਾ ਮਿਲਿਆ, ਜਿਸ ਅਫਰੀਕੀ ਖਿਡਾਰੀਆਂ ਨੇ ਧਮਾਕੇਦਾਰ ਬੱਲੇਬਾਜ਼ ਖਲਾਸੀਨ ਕਲਾਰਸੇ ਦੀ (27 ਗੇਂਦਾਂ 'ਤੇ ਅਜੇਤੂ 43 ਦੌਡ਼ਾਂ) ਅਤੇ ਫੇਲਕਵਾਓ (5 ਗੇਂਦਾਂ 'ਤੇ ਅਜੇਤੂ 23 ਦੌਡ਼ਾਂ ) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਉਪਰੋਕਤ ਟੀਚਾ 25.3 ਓਵਰਾਂ ਵਿਚ 207 ਦੌਡ਼ਾਂ 'ਤੇ ਹਾਸਲ ਕਰ ਕੇ ਸੀਰੀਜ਼ ਵਿਚ ਵਾਪਸੀ ਕਰ ਲਈ।
ਮੀਂਹ ਕਾਰਨ ਖੇਡ ਕਰੀਬ ਡੇਢ ਘੰਟੇ ਤਕ ਰੁਕੀ ਰਹੀ। ਖੇਡ ਰੁਕੇ ਰਹਿਣ ਦੇ ਸਮੇਂ ਮੇਜ਼ਬਾਨ ਦੱਖਣੀ ਅਫਰੀਕਾ ਨੇ 7.2 ਓਵਰਾਂ ਵਿਚ ਇਕ ਵਿਕਟ 'ਤੇ 43 ਦੌਡ਼ਾਂ ਬਣਾ ਲਈਆਂ ਸਨ ਤੇ ਹੁਣ ਉਸ ਨੂੰ ਡਕਵਰਥ ਲੂਈਸ ਨਿਯਮ ਤਹਿਤ ਜਿੱਤ ਲਈ 123 ਗੇਂਦਾਂ 'ਤੇ 159 ਦੌਡ਼ਾਂ ਹੋਰ ਬਣਾਉਣੀਆਂ ਸਨ ਜਦਕਿ ਉਸਦੀਆਂ 9 ਵਿਕਟਾਂ ਬਾਕੀ ਸਨ, ਜਿਸ ਨੂੰ ਮੇਜ਼ਬਾਨ ਟੀਮ ਨੇ ਆਸਾਨੀ ਨਾਲ ਹਾਸਲ ਕਰ ਕੇ ਸੀਰੀਜ਼ ਦਾ ਚੌਥਾ ਮੈਚ ਜਿੱਤ ਲਿਆ । ਭਾਰਤੀ ਟੀਮ ਪਹਿਲੇ ਤਿੰਨ ਵਨ ਡੇ ਜਿੱਤ ਕੇ ਹੁਣ 3-1 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਰੋਹਿਤ ਸ਼ਰਮਾ ਇਕ ਵਾਰ ਫਿਰ ਫਲਾਪ ਰਿਹਾ ਤੇ 13 ਗੇਂਦਾਂ 'ਤੇ ਇਕ ਚੌਕੇ ਦੀ ਮਦਦ ਨਾਲ 5 ਦੌਡ਼ਾਂ ਬਣਾ ਕੇ ਆਊਟ ਹੋ ਗਿਆ। ਕੈਗਿਸੋ ਰਬਾਡਾ ਨੇ ਰੋਹਿਤ ਨੂੰ ਆਪਣੀ ਹੀ ਗੇਂਦ 'ਤੇ ਕੈਚ ਕਰ ਲਿਆ। ਇਸ ਦੌਰੇ 'ਤੇ ਰਬਾਡਾ ਹੁਣ ਤਕ 6 ਵਾਰ ਰੋਹਿਤ ਨੂੰ ਆਊਟ ਕਰ ਚੁੱਕਾ ਹੈ।
ਰੋਹਿਤ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਤੇ ਸ਼ਿਖਰ ਧਵਨ ਵਿਚਾਲੇ ਦੂਜੀ ਵਿਕਟ ਲਈ 158 ਦੌਡ਼ਾਂ ਦੀ ਸਾਂਝੇਦਾਰੀ ਹੋਈ। ਇਸ ਸੀਰੀਜ਼ ਵਿਚ ਵਿਰਾਟ ਤੇ ਸ਼ਿਖਰ ਵਿਚਾਲੇ ਇਹ ਲਗਾਤਾਰ ਦੂਜੀ ਸੈਂਕਡ਼ੇ ਵਾਲੀ ਸਾਂਝੇਦਾਰੀ ਹੈ।
ਵਿਰਾਟ ਟੀਮ ਦੇ 178 ਦੇ ਸਕੋਰ 'ਤੇ ਆਊਟ ਹੋਇਆ। ਵਿਰਾਟ ਨੇ 83 ਗੇਂਦਾਂ 'ਤੇ 7 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸ਼ਾਨਦਾਰ 75 ਦੌਡ਼ਾਂ ਬਣਾਈਆਂ ਅਤੇ ਆਪਣੇ ਵਨ ਡੇ ਕਰੀਅਰ ਦਾ 46ਵਾਂ ਅਰਧ ਸੈਂਕਡ਼ਾ ਪੂਰਾ ਕੀਤਾ ਹਾਲਾਂਕਿ ਉਹ 25 ਦੌਡ਼ਾਂ ਨਾਲ ਸੈਂਕਡ਼ੇ ਬਣਾਉਣ ਤੋਂ ਖੁੰਝ ਗਿਆ। ਭਾਰਤ ਦਾ ਸਕੋਰ ਜਦੋਂ 34.2 ਓਵਰਾਂ ਵਿਚ 2 ਵਿਕਟਾਂ 'ਤੇ 200 ਦੌਡ਼ਾਂ ਸੀ ਤਦ ਮੈਚ ਨੂੰ ਖਰਾਬ ਰੌਸ਼ਨੀ ਤੇ ਖਰਾਬ ਮੌਸਮ ਕਾਰਨ ਕਰੀਬ ਅੱਧਾ ਘੰਟਾ ਰੋਕਿਆ ਗਿਆ ਪਰ ਇਸ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਈ ਤਾਂ ਮੋਰਨੇ ਮੋਰਕਲ ਨੇ ਸ਼ਿਖਰ ਨੂੰ ਡੇਵਿਡ ਮਿਲਰ ਹੱਥੋਂ ਕੈਚ ਕਰਾ ਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ 43 ਗੇਂਦਾਂ 'ਤੇ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 42 ਦੌਡ਼ਾਂ ਬਣਾ ਕੇ ਟੀਮ ਦਾ ਸਕੋਰ 289 ਦੌਡ਼ਾਂ 'ਤੇ ਪਹੁੰਚਾਇਆ।