
Chamoli Cloud Burst News: 35 ਘਰ ਤੇ ਦੁਕਾਨਾਂ ਹੋਈਆਂ ਤਬਾਹ, ਕਈ ਲੋਕ ਹਾਲੇ ਵੀ ਘਰਾਂ ਵਿਚ ਫਸੇ
Chamoli Cloud Burst News : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਖੇਤਰ ਵਿਚ ਵੀਰਵਾਰ ਤੜਕੇ ਚਾਰ ਥਾਵਾਂ ’ਤੇ ਬੱਦਲ ਫਟਣ, ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ 14 ਲੋਕ ਲਾਪਤਾ ਹੋ ਗਏ ਅਤੇ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦੇਹਰਾਦੂਨ ਵਿਚ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸਈਓਸੀ) ਪਹੁੰਚ ਕੇ ਨੰਦਾਨਗਰ ਵਿਚ ਭਾਰੀ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਲੈਣ ਤੋਂ ਬਾਅਦ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਸਿਆ ਕਿ ਨੰਦਾਨਗਰ ਦੇ ਚਾਰ ਵੱਖ-ਵੱਖ ਥਾਵਾਂ: ਕੁੰਤਰੀ ਲਾਗਾ ਫਲੀ, ਕੁੰਤਰੀ ਲਾਗਾ ਸਰਪਾਣੀ, ਸੇਰਾ ਅਤੇ ਧੁਰਮਾ ਵਿਚ ਬੱਦਲ ਫਟਣ ਅਤੇ ਭਾਰੀ ਮਲਬੇ ਕਾਰਨ 35 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ ਕਈ ਦੁਕਾਨਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਐਨਡੀਆਰਐਫ਼, ਐਸਡੀਆਰਐਫ਼, ਆਈਟੀਬੀਪੀ ਅਤੇ ਪੁਲਿਸ ਸਮੇਤ ਵੱਖ-ਵੱਖ ਏਜੰਸੀਆਂ ਘਟਨਾ ਸਥਾਨ ’ਤੇ ਪਹੁੰਚ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਜ਼ਖ਼ਮੀਆਂ ਨੂੰ ਰਿਸ਼ੀਕੇਸ਼ ਦੇ ਏਮਜ਼ ਵਿਚ ਲਿਜਾਇਆ ਜਾ ਰਿਹਾ ਹੈ। ਇਸ ਵਿਚ ਇਕ ਬੱਚਾ ਵੀ ਸ਼ਾਮਲ ਹੈ ਜਿਸ ਦੇ ਸਿਰ ਵਿਚ ਸੱਟ ਲੱਗੀ ਹੈ।
ਉਨ੍ਹਾਂ ਕਿਹਾ ਕਿ ਪ੍ਰਭਾਵਤ ਖੇਤਰ ਵਿਚ ਕੁਝ ਲੋਕ ਅਜੇ ਵੀ ਅਪਣੇ ਘਰਾਂ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੁੱਖ ਮੰਤਰੀ ਨੇ ਕਿਹਾ, ‘‘ਸਾਡੀ ਕੋਸ਼ਿਸ਼ ਸਾਰਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਹੈ।’’ ਇਕ ਸਵਾਲ ਦੇ ਜਵਾਬ ਵਿਚ, ਧਾਮੀ ਨੇ ਕਿਹਾ ਕਿ ਜਦੋਂ ਤਕ ਮਾਨਸੂਨ ਪੂਰੀ ਤਰ੍ਹਾਂ ਨਹੀਂ ਰੁਕ ਜਾਂਦਾ, ਸਾਰੇ ਜ਼ਿਲ੍ਹਿਆਂ ਵਿਚ ਆਫ਼ਤ ਪ੍ਰਬੰਧਨ ਕਰਮਚਾਰੀ ਅਤੇ ਸਾਰੀਆਂ ਏਜੰਸੀਆਂ, ਜਿਨ੍ਹਾਂ ਵਿਚ ਐਨਡੀਆਰਐਫ਼ ਅਤੇ ਐਸਡੀਆਰਐਫ਼ ਸ਼ਾਮਲ ਹਨ, ਅਲਰਟ ’ਤੇ ਰਹਿਣਗੇ।
ਹਿਮਾਚਲ ’ਚ ਭਾਰੀ ਮੀਂਹ ਦਾ ਅਲਰਟ ਜਾਰੀ, 566 ਸੜਕਾਂ ਬੰਦ
ਸ਼ਿਮਲਾ, 18 ਸਤੰਬਰ : ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਲਈ ‘ਪੀਲੀ’ ਚੇਤਾਵਨੀ ਦੇ ਵਿਚਕਾਰ ਰਾਜ ਦੇ ਕਈ ਹਿੱਸਿਆਂ ਵਿਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ, ਜਿਸ ਨਾਲ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ ਕੁੱਲ 566 ਸੜਕਾਂ ਬੰਦ ਹੋ ਗਈਆਂ। ਸਥਾਨਕ ਮੌਸਮ ਵਿਭਾਗ ਨੇ ਬਿਲਾਸਪੁਰ, ਕਾਂਗੜਾ, ਮੰਡੀ ਅਤੇ ਸਿਰਮੌਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ‘ਪੀਲੀ’ ਚੇਤਾਵਨੀ ਜਾਰੀ ਕੀਤੀ। ਮੌਸਮ ਵਿਭਾਗ ਨੇ ਕਿਹਾ ਕਿ ਸ਼ਿਮਲਾ, ਕਾਂਗੜਾ, ਪਾਲਮਪੁਰ, ਮੁਰਾਰੀ ਦੇਵੀ ਅਤੇ ਸੁੰਦਰਨਗਰ ਵਿਚ ਗਰਜ ਨਾਲ ਮੀਂਹ ਪਿਆ, ਜਦੋਂ ਕਿ ਤਾਬੋ ਅਤੇ ਬਜੌਰਾ ਵਿਚ 33 ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਵੀਰਵਾਰ ਸਵੇਰੇ ਐਨਐਚ 3 (ਅਟਾਰੀ-ਲੇਹ ਸੜਕ) ਅਤੇ ਐਚਐਚ-503ਏ (ਅੰਮ੍ਰਿਤਸਰ-ਭੋਟਾ ਸੜਕ) ਸਮੇਤ ਕੁੱਲ 566 ਸੜਕਾਂ ਬੰਦ ਕਰ ਦਿਤੀਆਂ ਗਈਆਂ।
"(For more news apart from “Chamoli Cloud Burst News, ” stay tuned to Rozana Spokesman.)