
ਪਨਾਹ ਹਾਸਲ ਕਰਨ ਦੀ ਜ਼ਿੱਦ 'ਚ ਚਲਣ ਫਿਰਨ ਤੋਂ ਵੀ ਲਾਚਾਰ ਹੋਏ
ਵਾਸ਼ਿੰਗਟਨ : ਅਮਰੀਕੀ ਸੂਬੇ ਦੀ ਇਕ ਜੇਲ (ਡੀਟੈਂਸ਼ਨ ਸੈਂਟਰ) 'ਚ ਪੰਜ ਭਾਰਤੀ ਪਿਛਲੇ 90 ਦਿਨਾਂ ਤੋਂ ਭੁੱਖ-ਹੜਤਾਲ 'ਤੇ ਚੱਲ ਰਹੇ ਹਨ। ਇਨ੍ਹਾਂ ਵਿਚੋਂ ਇਕ ਪੰਜਾਬੀ (ਸਿੱਖ) ਹੈ ਤੇ ਬਾਕੀ ਚਾਰ ਹਿੰਦੂ ਹਨ। ਇਹ ਸਾਰੇ ਅਮਰੀਕਾ 'ਚ ਸ਼ਰਨਾਰਥੀਆਂ ਵਜੋਂ ਪਨਾਹ ਚਾਹੁੰਦੇ ਹਨ। ਇਸ ਬਾਰੇ ਖ਼ਬਰ ਏਜੰਸੀ ਆਈਏਐਨਐਸ ਨੇ ਰੋਜ਼ਾਨਾ 'ਅਮੈਰਿਕਨ ਬਾਜ਼ਾਰ' ਦੇ ਹਵਾਲੇ ਨਾਲ ਰਿਪੋਰਟ ਦਿਤੀ ਹੈ।
File Photo
ਇਹ ਪੰਜ ਭਾਰਤੀ ਭਾਰਤ ਦੇ ਵਖੋ-ਵਖਰੇ ਇਲਾਕਿਆਂ ਤੋਂ ਹਨ ਤੇ ਇਨ੍ਹਾਂ ਸਾਰਿਆਂ ਦੇ ਅਮਰੀਕਾ 'ਚ ਪਨਾਹ ਹਾਸਲ ਕਰਨ ਦੇ ਆਪੋ-ਅਪਣੇ ਕਾਰਨ ਹੈ। ਇਹ ਸਾਰੇ ਇਸ ਵੇਲੇ ਲੂਸੀਆਨਾ ਸੂਬੇ ਦੇ ਜੇਨਾ ਸਥਿਤ ਲਾ ਸਾਲੇ ਡਿਟੈਂਸ਼ਨ ਕੇਂਦਰ 'ਚ ਕੈਦ ਹਨ। ਇਨ੍ਹਾਂ ਸਾਰਿਆਂ ਨੂੰ ਜੇਲ ਅਧਿਕਾਰੀ ਜ਼ਬਰਦਸਤੀ ਪਾਣੀ ਤੇ ਖਾਣਾ ਦੇ ਰਹੇ ਹਨ ਪਰ ਇਹ ਕੈਦੀ ਅਪਣੇ ਵਲੋਂ ਕੁੱਝ ਵੀ ਖਾਣਾ-ਪੀਣਾ ਨਹੀਂ ਲੈਣਾ ਚਾਹ ਰਹੇ।
File Photo
ਸਾਨ ਫ਼ਰਾਂਸਿਸਕੋ ਸਥਿਤ ਇਕ ਗ਼ੈਰ-ਸਰਕਾਰੀ ਸੰਗਠਨ 'ਫ਼੍ਰੀਡਮ ਫ਼ਾਰ ਇਮੀਗ੍ਰਾਂਟਸ' ਦੇ ਵਲੰਟੀਅਰ ਮਿਸ਼ੇਲ ਗ੍ਰੇਫ਼ੀਉ ਅਕਸਰ ਲੂਸੀਆਨਾ ਦੀ ਉਪਰੋਕਤ ਜੇਲ 'ਚ ਜਾਂਦੇ ਰਹਿੰਦੇ ਹਨ। ਬੀਤੇ ਦਿਨੀਂ ਜਦੋਂ ਉਹ ਇਸ ਜੇਲ ਦਾ ਦੌਰਾ ਕਰ ਕੇ ਪਰਤੇ ਤਾਂ ਉਨ੍ਹਾਂ ਦਸਿਆ ਕਿ ਪੰਜ ਭਾਰਤੀ ਕੈਦੀਆਂ ਵਿਚੋਂ ਤਿੰਨ ਨੂੰ ਹੁਣ ਬਿਲਕੁਲ ਇਕੱਲੀਆਂ-ਕਾਰੀਆਂ ਕੋਠੜੀਆਂ 'ਚ ਕੈਦ ਕਰ ਕੇ ਰਖਿਆ ਗਿਆ ਹੈ।
File Photo
ਇਕੱਲੇ ਰੱਖਣ ਦੀ ਸਜ਼ਾ ਜੇਲਾਂ ਵਿਚ ਆਮ ਹੁੰਦੀ ਹੈ। ਇਹ ਸਜ਼ਾ ਉਨ੍ਹਾਂ ਨੂੰ ਇਸ ਲਈ ਦਿਤੀ ਜਾ ਰਹੀ ਹੈ ਕਿਉਂਕਿ ਉਹ ਜ਼ਬਰਦਸਤੀ ਪਿਆਉਣ ਦੇ ਬਾਵਜੂਦ ਪਾਣੀ ਨਹੀਂ ਪੀ ਰਹੇ ਸਨ। ਖਾਣਾ-ਪੀਣਾ ਛੱਡ ਦੇਣ ਕਾਰਨ ਇਹ ਪੰਜ ਭਾਰਤੀ ਕੈਦੀ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਨ੍ਹਾਂ ਨੂੰ ਵ੍ਹੀਲ-ਚੇਅਰ 'ਤੇ ਇਧਰ-ਉਧਰ ਲਿਜਾਣਾ ਪੈਂਦਾ ਹੈ ਅਤੇ ਉਹ ਬਿਨਾਂ ਕਿਸੇ ਦੇ ਸਹਾਰੇ ਦੇ ਅਪਣੇ ਬਿਸਤਰੇ 'ਤੇ ਪੈ ਵੀ ਨਹੀਂ ਸਕਦੇ।