
ਓਲੰਪਿਕ ਕਮੇਟੀ ਨੇ 2011 ਵਿੱਚ ਵਲਾਦੀਮੀਰ ਪੁਤਿਨ ਨੂੰ ਦਿੱਤੇ ਓਲੰਪਿਕ ਸਨਮਾਨ ਨੂੰ ਵੀ ਵਾਪਸ ਲੈ ਲਿਆ ਹੈ।
ਕੀਵ - ਰੂਸ ਨੂੰ ਯੂਕਰੇਨ 'ਤੇ ਹਮਲਾ ਕਰਨਾ ਭਾਰੀ ਪੈ ਗਿਆ ਹੈ। ਰੂਸ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ (IOC) ਨੇ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ ਨੂੰ ਝਟਕਾ ਦੇਣ ਲਈ ਅਤੇ ਨਿੰਦਾ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਸੋਮਵਾਰ ਨੂੰ ਕਮੇਟੀ ਨੇ ਸਾਰੀਆਂ ਖੇਡ ਫੈਡਰੇਸ਼ਨਾਂ ਨੂੰ ਰੂਸੀ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ। ਆਈਓਸੀ ਨੇ ਕਿਹਾ ਕਿ ਇਹ ਗਲੋਬਲ ਖੇਡ ਮੁਕਾਬਲਿਆਂ ਦੀ ਅਖੰਡਤਾ ਅਤੇ ਸਾਰੇ ਪ੍ਰਤੀਭਾਗੀਆਂ ਦੀ ਸੁਰੱਖਿਆ ਲਈ ਜ਼ਰੂਰੀ ਸੀ।
FIFA world cup
ਇਸ ਫੈਸਲੇ ਨੇ ਵਿਸ਼ਵ ਫੁੱਟਬਾਲ ਦੀ ਸਿਖ਼ਰਲੀ ਸੰਸਥਾ ਫੀਫਾ ਲਈ ਵੀ ਰੂਸ ਨੂੰ 24 ਮਾਰਚ ਨੂੰ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਤੋਂ ਬਾਹਰ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ। ਪੋਲੈਂਡ ਨੇ ਪਹਿਲਾਂ ਹੀ ਤੈਅ ਮੈਚ ਵਿਚ ਰੂਸ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਆਈਓਸੀ ਦੀ ਅਪੀਲ ਬੇਲਾਰੂਸ ਦੇ ਖਿਡਾਰੀਆਂ ਅਤੇ ਅਧਿਕਾਰੀਆਂ 'ਤੇ ਵੀ ਲਾਗੂ ਹੁੰਦੀ ਹੈ, ਜੋ ਰੂਸ ਦੇ ਹਮਲੇ ਦਾ ਸਮਰਥਨ ਕਰ ਰਿਹਾ ਹੈ। ਆਈਓਸੀ ਨੇ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਦੁਖ਼ੀ ਮਨ ਨਾਲ ਲਿਆ ਹੈ ਪਰ ਯੂਕਰੇਨ ਦੀਆਂ ਖੇਡਾਂ 'ਤੇ ਯੁੱਧ ਦਾ ਪ੍ਰਭਾਵ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਹੋਏ ਨੁਕਸਾਨ ਤੋਂ ਕਿਤੇ ਵੱਧ ਹੈ। ਆਈਓਸੀ ਨੇ ਪੂਰੀ ਤਰ੍ਹਾਂ ਨਾਲ ਪਾਬੰਦੀ ਨਹੀਂ ਲਗਾਈ ਹੈ। ਉਹਨਾਂ ਨੇ ਕਿਹਾ ਹੈ ਕਿ ਜਿੱਥੇ ਜਥੇਬੰਦਕ ਜਾਂ ਕਾਨੂੰਨੀ ਕਾਰਨਾਂ ਕਰਕੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਇੰਨੀ ਜਲਦੀ ਬਾਹਰ ਕਰਨਾ ਸੰਭਵ ਨਹੀਂ ਹੈ।
Putin
ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਨਿਰਪੱਖ ਖਿਡਾਰੀਆਂ ਵਜੋਂ ਹਿੱਸਾ ਲੈਣਾ ਚਾਹੀਦਾ ਹੈ ਅਤੇ ਉਹ ਆਪਣੇ ਰਾਸ਼ਟਰੀ ਝੰਡੇ, ਰਾਸ਼ਟਰੀ ਗੀਤ ਜਾਂ ਚਿੰਨ੍ਹ ਦੀ ਵਰਤੋਂ ਨਹੀਂ ਕਰ ਸਕਦੇ ਹਨ। ਇਨ੍ਹਾਂ ਵਿਚ ਬੀਜਿੰਗ ਵਿਚ ਹੋਣ ਵਾਲੀਆਂ ਵਿੰਟਰ ਪੈਰਾਲੰਪਿਕ ਖੇਡਾਂ ਵੀ ਸ਼ਾਮਲ ਹਨ। ਓਲੰਪਿਕ ਕਮੇਟੀ ਨੇ 2011 ਵਿੱਚ ਵਲਾਦੀਮੀਰ ਪੁਤਿਨ ਨੂੰ ਦਿੱਤੇ ਓਲੰਪਿਕ ਸਨਮਾਨ ਨੂੰ ਵੀ ਵਾਪਸ ਲੈ ਲਿਆ ਹੈ। ਇਹ ਸਨਮਾਨ, ਜੋ ਉਸ ਸਮੇਂ ਹੋਰ ਰੂਸੀ ਅਫਸਰਾਂ ਨੂੰ ਦਿੱਤਾ ਜਾਂਦਾ ਸੀ, ਉਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ।
ਯੂਰਪ ਦੀਆਂ ਕਈ ਖੇਡ ਸੰਸਥਾਵਾਂ ਪਹਿਲਾਂ ਹੀ ਰੂਸ ਦਾ ਵਿਰੋਧ ਕਰ ਚੁੱਕੀਆਂ ਹਨ। ਉਸ ਨੇ ਮੇਜ਼ਬਾਨੀ ਕਰਨ ਜਾਂ ਰੂਸੀ ਟੀਮ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਫਿਨਲੈਂਡ ਚਾਹੁੰਦਾ ਹੈ ਕਿ ਰੂਸੀ ਆਈਸ ਹਾਕੀ ਟੀਮ ਨੂੰ ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਤੋਂ ਰੋਕਿਆ ਜਾਵੇ। ਫਿਨਲੈਂਡ ਮਈ ਵਿਚ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ। ਸਵਿਟਜ਼ਰਲੈਂਡ ਦੇ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਉਸ ਦੀ ਮਹਿਲਾ ਟੀਮ ਜੁਲਾਈ 'ਚ ਯੂਰਪੀਅਨ ਚੈਂਪੀਅਨਸ਼ਿਪ 'ਚ ਰੂਸ ਨਾਲ ਨਹੀਂ ਖੇਡੇਗੀ।
IOC
ਫੀਫਾ ਨੇ ਵੀ ਦਿੱਤਾ ਰੂਸ ਨੂੰ ਝਟਕਾ
ਯੂਕਰੇਨ 'ਤੇ ਹਮਲਾ ਕਰਨ ਲਈ ਰੂਸ ਨੂੰ ਹਰ ਤਰ੍ਹਾਂ ਦੇ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਬਾਅਦ ਹੁਣ ਫੀਫਾ ਅਤੇ ਯੂਈਐੱਫਏ ਨੇ ਵੀ ਵੱਡੀ ਕਾਰਵਾਈ ਕੀਤੀ ਹੈ। ਫੀਫਾ ਨੇ ਰੂਸ ਨੂੰ 2022 ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ UEFA ਨੇ ਅਗਲੇ ਹੁਕਮਾਂ ਤੱਕ ਰੂਸੀ ਫੁੱਟਬਾਲ ਕਲੱਬਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਹੁਣ ਰੂਸੀ ਕਲੱਬ ਕਿਸੇ ਵੀ ਫੁੱਟਬਾਲ ਲੀਗ 'ਚ ਹਿੱਸਾ ਨਹੀਂ ਲੈ ਸਕਣਗੇ। ਫੀਫਾ ਵਿਸ਼ਵ ਕੱਪ ਇਸ ਸਾਲ ਨਵੰਬਰ-ਦਸੰਬਰ ਵਿਚ ਕਤਰ ਵਿੱਚ ਹੋਣਾ ਹੈ। ਰੂਸ ਅਜੇ ਤੱਕ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। ਉਸ ਨੇ ਮਾਰਚ-ਅਪ੍ਰੈਲ ਵਿੱਚ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਖੇਡਣਾ ਸੀ।
IIHF
ਫੀਫਾ ਨੇ ਕਿਹਾ ਹੈ ਕਿ ਰੂਸ ਦੀ ਰਾਸ਼ਟਰੀ ਟੀਮ ਅਤੇ ਕਲੱਬ ਅਗਲੇ ਹੁਕਮਾਂ ਤੱਕ ਕਿਸੇ ਵੀ ਟੂਰਨਾਮੈਂਟ 'ਚ ਨਹੀਂ ਖੇਡ ਸਕਣਗੇ। ਇਹ ਫੈਸਲਾ ਫੀਫਾ ਕੌਂਸਲ ਦੇ ਬਿਊਰੋ ਅਤੇ ਯੂਈਐਫਏ ਦੀ ਕਾਰਜਕਾਰੀ ਕਮੇਟੀ ਨੇ ਲਿਆ ਹੈ। ਇਹ ਦੋਵੇਂ ਅਜਿਹੇ ਜ਼ਰੂਰੀ ਮਾਮਲਿਆਂ 'ਤੇ ਫੈਸਲਾ ਲੈਣ ਵਾਲੀਆਂ ਸਭ ਤੋਂ ਉੱਚੀਆਂ ਸੰਸਥਾਵਾਂ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਕੌਂਸਲ ਨੇ ਰੂਸ ਅਤੇ ਬੇਲਾਰੂਸ ਦੀਆਂ ਸਾਰੀਆਂ ਰਾਸ਼ਟਰੀ ਟੀਮਾਂ ਅਤੇ ਕਲੱਬ ਟੀਮਾਂ ਨੂੰ ਅਗਲੇ ਹੁਕਮਾਂ ਤੱਕ ਕਿਸੇ ਵੀ ਉਮਰ ਵਰਗ ਦੇ ਟੂਰਨਾਮੈਂਟਾਂ ਵਿਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੀ ਰੂਸ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰ ਚੁੱਕੀ ਹੈ।