
ਕਈਆਂ ਨੇ ਗੋਡੇ ਟੇਕ ਕੇ ਜ਼ਮੀਨ ਨੂੰ ਚੁੰਮਿਆ, ਕੁੱਝ ਨੇ ਅਪਣੇ ਆਪ ਨੂੰ ਪੀਲੇ-ਨੀਲੇ ਝੰਡਿਆਂ ’ਚ ਲਪੇਟ ਲਿਆ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ
ਸੁਮੀ (ਯੂਕਰੇਨ): ਯੂਕਰੇਨ ਅਤੇ ਰੂਸ ਨੇ ਸ਼ੁਕਰਵਾਰ ਨੂੰ ਜੰਗ ਦੌਰਾਨ ਬੰਦੀ ਬਣਾਏ ਗਏ 75 ਫ਼ੌਜੀਆਂ ਦਾ ਆਦਾਨ-ਪ੍ਰਦਾਨ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਪਿਛਲੇ ਤਿੰਨ ਮਹੀਨਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਦੋਹਾਂ ਦੇਸ਼ਾਂ ਨੇ ਜੰਗੀ ਕੈਦੀਆਂ ਦਾ ਲੈਣ-ਦੇਣ ਕੀਤਾ ਹੈ।
ਚਾਰ ਯੂਕਰੇਨੀ ਨਾਗਰਿਕਾਂ ਸਮੇਤ ਜੰਗੀ ਕੈਦੀਆਂ ਨੂੰ ਕਈ ਬੱਸਾਂ ਰਾਹੀਂ ਉੱਤਰੀ ਸੁਮੀ ਖੇਤਰ ਲਿਜਾਇਆ ਗਿਆ। ਜਿਵੇਂ ਹੀ ਉਹ ਬੱਸ ਤੋਂ ਉਤਰੇ, ਉਹ ਖੁਸ਼ੀ ਨਾਲ ਚੀਕਣ ਲੱਗੇ ਅਤੇ ਉਨ੍ਹਾਂ ਨੇ ਅਪਣੇ ਪਰਵਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਅਪਣੇ ਦੇਸ਼ ਵਾਪਸ ਆਉਣ ਦੀ ਜਾਣਕਾਰੀ ਦਿਤੀ। ਕੁੱਝ ਲੋਕਾਂ ਨੇ ਗੋਡੇ ਟੇਕ ਕੇ ਜ਼ਮੀਨ ਨੂੰ ਚੁੰਮਿਆ, ਜਦਕਿ ਕੁੱਝ ਨੇ ਅਪਣੇ ਆਪ ਨੂੰ ਪੀਲੇ-ਨੀਲੇ ਝੰਡਿਆਂ ’ਚ ਲਪੇਟ ਲਿਆ ਅਤੇ ਇਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗੇ।
ਅਧਿਕਾਰੀਆਂ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਜੰਗੀ ਕੈਦੀਆਂ ਦੇ ਲੈਣ-ਦੇਣ ਤੋਂ ਥੋੜ੍ਹੀ ਦੇਰ ਪਹਿਲਾਂ ਉਸੇ ਥਾਂ ’ਤੇ ਫ਼ੌਜੀਆਂ ਦੀਆਂ ਲਾਸ਼ਾਂ ਇਕ-ਦੂਜੇ ਨੂੰ ਸੌਂਪ ਦਿਤੀਆਂ। ਇਸ ਸਾਲ ਇਹ ਚੌਥੀ ਵਾਰ ਹੈ ਅਤੇ ਫ਼ਰਵਰੀ 2022 ਵਿਚ ਰੂਸ ਦੇ ਯੂਕਰੇਨ ’ਤੇ ਹਮਲਾ ਕਰਨ ਤੋਂ ਬਾਅਦ ਇਹ 52ਵੀਂ ਵਾਰ ਹੈ।
ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਉਸ ਨੇ ਇਸ ਤਾਜ਼ਾ ਅਦਲਾ-ਬਦਲੀ ’ਚ ਮਦਦ ਕੀਤੀ ਹੈ। ਯੂਕਰੇਨ ਕੋ-ਆਰਡੀਨੇਸ਼ਨ ਹੈੱਡਕੁਆਰਟਰ ਫਾਰ ਟ੍ਰੀਟਮੈਂਟ ਆਫ ਪੀ.ਓ.ਡਬਲਯੂ. ਅਨੁਸਾਰ, ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁਲ 3,210 ਯੂਕਰੇਨੀ ਫੌਜੀ ਅਤੇ ਨਾਗਰਿਕ ਦੇਸ਼ ਵਾਪਸ ਆ ਚੁਕੇ ਹਨ।